#PUNJAB

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਹੋਲੇ-ਮਹੱਲੇ ਸਮੇਂ ਕੀਤਾ ਜਾਂਦਾ ਸਨਮਾਨ ਪੰਥਕ ਸੰਸਥਾਵਾਂ ਤੇ ਸਿੱਖ ਵਿਦਵਾਨਾਂ ਵਿਚ ਨੇੜੇ ਹੋਣ ਦਾ ਸਬੱਬ ਬਣੇਗਾ

ਸ੍ਰੀ ਅਨੰਦਪੁਰ ਸਾਹਿਬ, 29 ਮਾਰਚ (ਪੰਜਾਬ ਮੇਲ)- ਉਘੇ ਸਿੱਖ ਵਿਦਵਾਨ ਪ੍ਰੋ: ਪਰਮਵੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪ੍ਰੋ: ਡਾ. ਧਰਮ ਸਿੰਘ ਸਾਬਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਹੋਲੇ ਮਹੱਲੇ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਨਿਹੰਗ ਸਿੰਘ ਦਲਾਂ ਅਤੇ ਸਿੱਖ ਵਿਦਵਾਨਾਂ ਵਿੱਚ ਪਈਆਂ ਦੂਰੀਆਂ ਤੇ ਕਈ ਭ੍ਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਉਘੇ ਸਿੱਖ ਚਿੰਤਕ ਸ. ਦਿਲਜੀਤ ਸਿੰਘ ਬੇਦੀ ਵੱਲੋਂ ਕੀਤੇ ਜਾ ਰਹੇ ਯਤਨ ਨਿਕਟ ਭਵਿੱਖ ਵਿਚ ਚੰਗੇਰੇ ਤੇ ਸ਼ਾਨਦਾਰ ਸਿੱਟੇ ਕੱਢੇਗਾ।
ਦੋਹਾਂ ਵਿਦਵਾਨਾਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਸਿੱਖ ਇਤਿਹਾਸ ਤੇ ਕੰਮ ਕਰਨ ਵਾਲੇ ਵਿਦਵਾਨਾਂ ਅਤੇ ਨਿਹੰਗ ਸਿੰਘ ਦਲਾਂ ਵਿਚ ਤਾਲਮੇਲ ਦੀ ਘਾਟ ਸੀ, ਉਸ ਘਾਟ ਨੂੰ ਦੂਰ ਕਰਨ ਲਈ ਬੁੱਢਾ ਦਲ ਦੇ ਸੱਕਤਰ ਵਜੋਂ ਸੇਵਾ ਨਿਭਾ ਰਹੇ ਸ. ਦਿਲਜੀਤ ਸਿੰਘ ਬੇਦੀ ਇਮਾਨਦਾਰੀ ਤੇ ਸਾਫ਼ਵੋਈ ਨਾਲ ਨਿੱਗਰ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਹੋਲੇ-ਮਹੱਲੇ ਅਤੇ ਖਾਲਸੇ ਦੇ ਸਿਰਜਨਾ ਦਿਵਸ, ਬੰਦੀ ਛੋੜ ਦਿਵਸ ਅਤੇ ਵਿਸ਼ੇਸ਼ ਪੁਰਬਾਂ ਤੇ ਕਰਵਾਏ ਜਾਂਦੇ ਸ਼ਸਤਰ ਯੁੱਧ ਕਲਾ ਗੱਤਕਾ ਮੁਕਾਬਲਿਆਂ ਜਾਂ ਵਿਸ਼ੇਸ਼ ਸੈਮੀਨਾਰਾਂ ਦੋਰਾਨ ਅਜਿਹੇ ਜਤਨਾਂ ਲਈ ਬੁੱਢਾ ਦਲ ਦੇ ਮੁਖੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਤੇ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘਾਂ ਦੇ ਬਹੁਤ ਕੀਮਤੀ ਸ਼ਾਨਾਮੱਤਾ ਇਤਿਹਾਸ ਅੱਖੋਂ ਓਹਲੇ ਹੋ ਚੁੱਕਾ ਹੈ। ਸਿੱਖ ਇਤਿਹਾਸ ਨੂੰ ਉਜਾਗਰ ਕਰਨ ਲਈ ਸਮਾਂਬੱਧ ਸਿੱਖ ਵਿਦਵਾਨਾਂ ਨੂੰ ਇਸ ਪੱਖ ਵੱਲ ਸਹਿਯੋਗਮਈ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਭਾਵੇਂ ਕਈਆਂ ਪੱਖਾਂ ਤੇ ਸਰੋਤਾਂ ਦੀ ਘਾਟ ਹੈ ਪਰ ਫਿਰ ਵੀ ਖੋਜ ਕਰਨੀ ਵੀ ਵਿਦਵਾਨਾਂ ਦਾ ਹੀ ਕੰਮ ਹੈ।
ਇਸੇ ਦੌਰਾਨ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਪੰਜਵਾਂ ਤਖ਼ਤ ਵੱਲੋਂ ਡਾ. ਦੇਵਿੰਦਰ ਸਿੰਘ ਗ੍ਰੇਵਾਲ, ਡਾ. ਅੱਛਰੂ ਸਿੰਘ, ਡਾ. ਰੂਪ ਸਿੰਘ, ਗ਼ਿ ਭਗਵਾਨ ਸਿੰਘ ਜੌਹਲ, ਸੰਤ ਤੇਜਾ ਸਿੰਘ ਖੁੱਡਾਕੁਰਾਲਾ, ਡਾ. ਜਸਬੀਰ ਸਿੰਘ ਸਰਨਾ, ਡਾ. ਇੰਦਰਜੀਤ ਸਿੰਘ ਗੋਗੋਆਣੀ, ਪਦਮਸ੍ਰੀ ਜਗਜੀਤ ਸਿੰਘ ਦਰਦੀ, ਗੁਰਮਤਿ ਸੰਗੀਤ ਦੇ ਸ਼ਾਸਤਰੀ ਡਾ. ਗੁਰਨਾਮ ਸਿੰਘ, ਗੁਰਮਤਿ ਦਾ ਪ੍ਰਚਾਰ ਕਰਨ ਵਾਲਿਆਂ ਵਿਚ ਬੀਬੀ ਜਗੀਰ ਕੌਰ, ਜਥੇ. ਅਵਤਾਰ ਸਿੰਘ ਮੱਕੜ, ਭਾਈ ਗੋਬਿੰਦ ਸਿੰਘ ਲੌਗੋਂਵਾਲ, ਸ. ਹਰਜਿੰਦਰ ਸਿੰਘ ਧਾਮੀ, ਬਾਬਾ ਹਰਨਾਮ ਸਿੰਘ ਖਾਲਸਾ, ਸੰਤ ਜਗਜੀਤ ਸਿੰਘ ਹਰਖੋਵਾਲ, ਬਾਬਾ ਅਮੀਰ ਸਿੰਘ ਜਵੱਦੀਕਲਾਂ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣ, ਸ. ਇੰਦਰਬੀਰ ਸਿੰਘ ਨਿੱਜਰ, ਭਾਈ ਪ੍ਰਿਤਪਾਲ ਸਿੰਘ, ਮਾਤਾ ਵਿਪਨਪ੍ਰੀਤ ਕੌਰ ਲੁਧਿਆਣਾ, ਭਾਈ ਗੁਰਇਕਬਾਲ ਸਿੰਘ, ਨਿਹੰਗ ਸਿੰਘ ਦਲਾਂ ਦੇ ਮੁਖੀ ਬਾਬਾ ਅਵਤਾਰ ਸਿੰਘ, ਬਾਬਾ ਨਿਹਾਲ ਸਿੰਘ, ਬਾਬਾ ਮੇਜਰ ਸਿੰਘ ਅਤੇ ਸੇਵਾ ਪੰਥੀ ਸੰਤ ਕਰਮਜੀਤ ਸਿੰਘ, ਨਾਨਕਸਰ ਸੰਪ੍ਰਦਾ ਦੇ ਮੁਖੀ ਬਾਬਾ ਘਾਲਾ ਸਿੰਘ, ਬਾਬਾ ਲੱਖਾ ਸਿੰਘ ਅਤੇ ਹੋਰ ਸੰਸਥਾਵਾਂ ਦੇ ਮੁਖੀ ਸਾਹਿਬਾਨਾਂ ਆਦਿ ਦਾ ਸਨਮਾਨ ਕੀਤਾ ਜਾ ਚੁੱਕਾ ਹੈ।