ਵਾਸ਼ਿੰਗਟਨ ਡੀ.ਸੀ. 23 ਅਪ੍ਰੈਲ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਵੱਲੋਂ ਹੁਣ ਤੱਕ ਲਗਭਗ 4700 ਦੇ ਕਰੀਬ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਦੇ ਆਦੇਸ਼ ਦਿੱਤੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਬਹੁਤੇ ਉਹ ਹਨ, ਜਿਨ੍ਹਾਂ ਇਜ਼ਰਾਈਲ-ਹਮਾਸ ਜੰਗ ਦੌਰਾਨ ਆਪਣੇ ਵਿਚਾਰ ਸੋਸ਼ਲ ਮੀਡੀਏ ‘ਤੇ ਪਾਏ ਸਨ। ਇਨ੍ਹਾਂ ਤੋਂ ਇਲਾਵਾ ਮਾਮੂਲੀ ਅਪਰਾਧ ਕਰਨ ਵਾਲਿਆਂ ਨੂੰ ਵੀ ਇਸ ਦੇ ਨਿਸ਼ਾਨੇ ਵਿਚ ਲਿਆ ਗਿਆ ਹੈ। ਕਈ ਵਿਦਿਆਰਥੀ ਤਾਂ ਟ੍ਰੈਫਿਕ ਟਿਕਟਾਂ ਕਾਰਨ ਹੀ ਅੜਿੱਕੇ ਵਿਚ ਆ ਗਏ ਹਨ ਅਤੇ ਕੁੱਝ ਵਿਦਿਆਰਥੀ ਸਟੋਰਾਂ ਤੋਂ ਛੋਟੀਆਂ-ਮੋਟੀਆਂ ਚੋਰੀਆਂ ਦੇ ਮਾਮਲਿਆਂ ਵਿਚ ਫੜੇ ਗਏ ਸਨ। ਉਨ੍ਹਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਦੇਸ਼ ਛੱਡਣ ਦੇ ਆਦੇਸ਼ ਦਿੱਤੇ ਗਏ ਹਨ। ਇਕ ਅਨੁਮਾਨ ਅਨੁਸਾਰ 240 ਤੋਂ ਵੱਧ ਕਾਲਜ ਅਤੇ ਯੂਨੀਵਰਸਿਟੀਆਂ ਇਸ ਦੀ ਚਪੇਟ ਵਿਚ ਆਏ ਹਨ। ਇਨ੍ਹਾਂ ਵਿਦਿਆਰਥੀਆਂ ਵਿਚ ਬਹੁਤ ਸਾਰੇ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ।
2024 ਵਿਚ 3 ਲੱਖ 32 ਹਜ਼ਾਰ ਵਿਦਿਆਰਥੀ ਐੱਫ-1 ਵੀਜ਼ੇ ‘ਤੇ ਅਮਰੀਕਾ ਪੜ੍ਹਨ ਲਈ ਆਏ ਸਨ। ਇਕ ਵਿਦਿਆਰਥੀ ਤਕਰੀਬਨ 30 ਲੱਖ ਤੋਂ 70 ਲੱਖ ਰੁਪਏ ਖਰਚ ਕੇ ਅਮਰੀਕਾ ਪਹੁੰਚਦਾ ਹੈ। ਵੀਜ਼ਾ ਰੱਦ ਹੋਣ ਨਾਲ ਵਿਦਿਆਰਥੀਆਂ ਨੂੰ ਆਪਣਾ ਜੀਵਨ ਹਨੇਰਮਈ ਦਿਖਾਈ ਦੇ ਰਿਹਾ ਹੈ।
4700 ਦੇ ਕਰੀਬ ਵਿਦਿਆਰਥੀਆਂ ਦੇ ਵੀਜ਼ੇ ਕੀਤੇ ਗਏ ਰੱਦ
