#PUNJAB

328 ਪਾਵਨ ਸਰੂਪਾਂ ਦਾ ਮਾਮਲਾ: ਐੱਸ.ਆਈ.ਟੀ. ਨੇ ਸ਼੍ਰੋਮਣੀ ਕਮੇਟੀ ਤੋਂ ਰਿਕਾਰਡ ਕੀਤਾ ਹਾਸਲ

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਚੋਂ 328 ਪਾਵਨ ਸਰੂਪ ਘਟਣ ਦੇ ਮਾਮਲੇ ‘ਚ ਗਠਿਤ ਐੱਸ.ਆਈ.ਟੀ. ਦੇ ਤਿੰਨ ਮੈਂਬਰਾਂ ਨੇ ਸੋਮਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਸਬ-ਆਫਿਸ ਚੰਡੀਗੜ੍ਹ ਵਿਖੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਰਿਕਾਰਡ ਹਾਸਲ ਕੀਤਾ।
ਪੰਜਾਬ ਸਰਕਾਰ ਵੱਲੋਂ ਮਾਮਲੇ ਦੀ ਜਾਂਚ ਲਈ 7 ਦਸੰਬਰ 2025 ਨੂੰ 16 ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਕੇ ਇਹ ਐੱਸ.ਆਈ.ਟੀ. ਗਠਿਤ ਕੀਤੀ ਗਈ ਸੀ। ਐੱਸ.ਆਈ.ਟੀ. ਮੁਖੀ ਡੀ.ਆਈ.ਜੀ. ਨਾਨਕ ਸਿੰਘ ਨੇ ਦੱਸਿਆ ਕਿ ਉਪਰੋਕਤ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਤੋਂ 18 ਤਰ੍ਹਾਂ ਦਾ ਰਿਕਾਰਡ ਮੰਗਿਆ ਗਿਆ ਸੀ ਤੇ ਪ੍ਰਧਾਨ ਧਾਮੀ ਨੇ ਰਿਕਾਰਡ ਦੇਣ ਲਈ ਸਮਾਂ ਦਿੱਤਾ ਸੀ।
ਰਿਕਾਰਡ ਲੈਣ ਲਈ ਐੱਸ.ਆਈ.ਟੀ. ਦੇ ਤਿੰਨ ਮੈਂਬਰ ਐੱਸ.ਪੀ. ਸੁਖਨਾਜ ਸਿੰਘ, ਏ.ਸੀ.ਪੀ. ਹਰਵਿੰਦਰ ਸਿੰਘ ਤੇ ਐੱਸ.ਐੱਚ.ਓ. ਸੀ ਡਵੀਜ਼ਨ ਅੰਮ੍ਰਿਤਸਰ ਨੇ ਧਾਮੀ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨਾਲ ਤਿੰਨ ਘੰਟੇ ਗੱਲਬਾਤ ਕੀਤੀ। ਇਸ ਦੇ ਨਾਲ ਹੀ ਦੋ ਦਸਤਾਵੇਜ਼ ਦੀਆਂ ਤਸਦੀਕ ਕਾਪੀਆਂ ਮੰਗੀਆਂ ਗਈਆਂ ਹਨ, ਜੋ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਦਫ਼ਤਰ ਤੋਂ ਲੈਣ ਲਈ ਕਿਹਾ ਗਿਆ ਹੈ। ਮੰਗੇ ਗਏ ਰਿਕਾਰਡ ਦੇ ਸੈਂਕੜੇ ਪੰਨੇ ਹਨ, ਜਿਸ ਨੂੰ ਘੋਖਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਪ੍ਰਧਾਨ ਦੇ ਓ.ਐੱਸ.ਡੀ. ਸਤਬੀਰ ਸਿੰਘ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਮੀਤ ਸਕੱਤਰ ਗੁਰਨਾਮ ਸਿੰਘ, ਹਰਭਜਨ ਸਿੰਘ ਵਕਤਾ ਆਦਿ ਮੌਜੂਦ ਸਨ।