ਅੰਮ੍ਰਿਤਸਰ, 2 ਜੁਲਾਈ (ਪੰਜਾਬ ਮੇਲ)- ਸਕਾਟਲੈਂਡ ਵਿੱਚ ਸੰਭਾਲ ਕੇ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰੀਬ 300 ਸਾਲ ਪੁਰਾਣੇ ਹੱਥ-ਲਿਖਤ ਸਰੂਪ ਦੇ ਸੰਗਤ ਲਈ ਦਰਸ਼ਨਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਐਡਿਨਬਰਗ ਸਥਿਤ ਭਾਰਤੀ ਵਾਣਜ ਦੂਤਾਵਾਸ ਦੀ ਟੀਮ ਨੇ ਐਡਿਨਬਰਗ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਐਡਿਨਬਰਗ ਤੇ ਗਲਾਸਗੋ ਦੇ ਗੁਰਦੁਆਰਾ ਨੁਮਾਇੰਦਿਆਂ ਨਾਲ ਇੱਕ ਤਾਲਮੇਲ ਬੈਠਕ ਕੀਤੀ। ਭਾਰਤੀ ਵਾਣਜ ਦੂਤਾਵਾਸ ਨੇ ਦੱਸਿਆ ਕਿ ਇਸ ਬੈਠਕ ਦਾ ਉਦੇਸ਼ ਗਲਾਸਗੋ ਦੇ ਸੈਂਟਰਲ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਇਤਿਹਾਸਕ ਹੱਥ-ਲਿਖਤ ਸਰੂਪ ਦੇ ਦਰਸ਼ਨਾਂ ਲਈ ਲੋੜੀਂਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣਾ ਸੀ। ਇਹ ਪਾਵਨ ਸਰੂਪ ਸਾਲ 2020 ਵਿੱਚ ਐਡਿਨਬਰਗ ਯੂਨੀਵਰਸਿਟੀ ਦੇ ਅਭਿਲੇਖਾਗਾਰ ਵਿੱਚ ਮਿਲਿਆ ਸੀ। ਇਸ ਤੋਂ ਬਾਅਦ ਇਸ ਦੀ ਵਿਗਿਆਨਕ ਢੰਗ ਨਾਲ ਮੁਰੰਮਤ, ਸੰਭਾਲ ਅਤੇ ਸੰਰੱਖਣ ਦਾ ਕੰਮ ਕੀਤਾ ਗਿਆ। ਭਾਰਤੀ ਵਾਣਜ ਦੂਤਾਵਾਸ ਨੇ ਇਸ ਨੂੰ ਸਾਂਝੀ ਧਾਰਮਿਕ ਅਤੇ ਇਤਿਹਾਸਕ ਵਿਰਾਸਤ ਦੀ ਸੰਭਾਲ ਵੱਲ ਇੱਕ ਮਹੱਤਵਪੂਰਨ ਕਦਮ ਕਰਾਰ ਦਿੱਤਾ ਹੈ। ਇਸ ਹੱਥ-ਲਿਖਤ ਸਰੂਪ ਨੂੰ ਪਹਿਲੀ ਵਾਰ ਪਿਛਲੇ ਸਾਲ ਨਵੰਬਰ ਵਿੱਚ ਐਡਿਨਬਰਗ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਸੰਗਤ ਦੇ ਦਰਸ਼ਨਾਂ ਲਈ ਰੱਖਿਆ ਗਿਆ ਸੀ। ਦੂਤਾਵਾਸ ਨੇ ਇਸ ਨੂੰ ਆਸਥਾ, ਵਿਰਾਸਤ ਅਤੇ ਭਾਈਚਾਰੇ ਨੂੰ ਜੋੜਨ ਵਾਲਾ ਇਤਿਹਾਸਕ ਪਲ ਦੱਸਦਿਆਂ ਐਡਿਨਬਰਗ ਗੁਰਦੁਆਰਾ, ਸਿੱਖ ਸੰਜੋਗ ਅਤੇ ਐਡਿਨਬਰਗ ਯੂਨੀਵਰਸਿਟੀ ਦਾ ਧੰਨਵਾਦ ਕੀਤਾ। ਐਡਿਨਬਰਗ ਯੂਨੀਵਰਸਿਟੀ ਅਨੁਸਾਰ ਇਹ ਸਰੂਪ ਉੱਥੇ ਸੁਰੱਖਿਅਤ ਰੱਖੇ ਗਏ ਤਿੰਨ ਸਿੱਖ ਧਰਮ ਗ੍ਰੰਥਾਂ ਵਿੱਚੋਂ ਇੱਕ ਹੈ। ਯੂਨੀਵਰਸਿਟੀ ਮੁਤਾਬਕ ਇਹ ਸਰੂਪ ਪਹਿਲਾਂ ਸਿੱਖ ਸਾਮਰਾਜ ਦੇ ਦੂਜੇ ਮਹਾਰਾਜਾ ਖੜਕ ਸਿੰਘ ਦੇ ਕੋਲ ਸੀ। ਸਾਲ 1848 ਵਿੱਚ ਦੱਲੇਵਾਲਾ ਕਿਲ੍ਹੇ ‘ਤੇ ਕਬਜ਼ੇ ਤੋਂ ਬਾਅਦ ਇਹ ਬਰਤਾਨਵੀ ਅਧਿਕਾਰੀਆਂ ਦੇ ਹੱਥ ਲੱਗਾ ਅਤੇ ਬਾਅਦ ਵਿੱਚ ਸਰ ਜੌਨ ਸਪੈਂਸਰ ਲੋਗਿਨ ਨੇ ਇਸ ਨੂੰ ਐਡਿਨਬਰਗ ਯੂਨੀਵਰਸਿਟੀ ਨੂੰ ਦਾਨ ਕਰ ਦਿੱਤਾ। ਇਹ ਉਹੀ ਅਧਿਕਾਰੀ ਸਨ ਜੋ ਕੋਹਿਨੂਰ ਹੀਰਾ ਮਹਾਰਾਣੀ ਵਿਕਟੋਰੀਆ ਕੋਲ ਲੈ ਕੇ ਗਏ ਸਨ। ਯੂਨੀਵਰਸਿਟੀ ਵਿੱਚ ਇਹ ਪਾਵਨ ਸਰੂਪ 175 ਸਾਲਾਂ ਤੋਂ ਵੱਧ ਸਮੇਂ ਤੋਂ ਮੌਜੂਦ ਹੈ, ਪਰ ਇਸ ਦੇ ਇਤਿਹਾਸ ਅਤੇ ਮਹੱਤਵ ਬਾਰੇ ਵਿਸਥਾਰ ਨਾਲ ਖੋਜ ਦਾ ਕੰਮ ਸਾਲ 2020 ਵਿੱਚ ਇਸ ਦੀ ਮੁੜ ਪਛਾਣ ਹੋਣ ਤੋਂ ਬਾਅਦ ਹੀ ਸ਼ੁਰੂ ਕੀਤਾ ਗਿਆ।
300 ਸਾਲ ਪੁਰਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ-ਲਿਖਤ ਸਰੂਪ ਦੇ ਦਰਸ਼ਨਾਂ ਦੀਆਂ ਤਿਆਰੀਆਂ

