#INDIA

26/11 ਮੁੰਬਈ ਹਮਲਾ: ਤਹੱਵੁਰ ਰਾਣਾ ਦੀ ਐੱਨ.ਆਈ.ਏ. ਹਿਰਾਸਤ ‘ਚ 12 ਦਿਨਾਂ ਦਾ ਵਾਧਾ

ਨਵੀਂ ਦਿੱਲੀ, 28 ਅਪ੍ਰੈਲ (ਪੰਜਾਬ ਮੇਲ)- ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ 26/11 ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਹੁਸੈਨ ਰਾਣਾ ਦੀ ਐੱਨ.ਆਈ.ਏ. ਹਿਰਾਸਤ 12 ਦਿਨਾਂ ਲਈ ਵਧਾ ਦਿੱਤੀ। ਵਿਸ਼ੇਸ਼ ਐੱਨ.ਆਈ.ਏ. ਜੱਜ ਚੰਦਰਜੀਤ ਸਿੰਘ ਨੇ ਰਾਣਾ ਦੀ ਪਿਛਲੀ 18 ਦਿਨਾਂ ਦੀ ਰਿਮਾਂਡ ਖਤਮ ਹੋਣ ਤੋਂ ਬਾਅਦ ਐੱਨ.ਆਈ.ਏ. ਦੀ ਅਪੀਲ ‘ਤੇ ਉਸਦੀ ਹਿਰਾਸਤ ਵਧਾ ਦਿੱਤੀ। ਇਸ ਦੌਰਾਨ ਰਾਣਾ ਨੂੰ ਸਖ਼ਤ ਸੁਰੱਖਿਆ ਵਿਚਕਾਰ ਆਪਣਾ ਚਿਹਰਾ ਢੱਕ ਕੇ ਅਦਾਲਤ ‘ਚ ਪੇਸ਼ ਕੀਤਾ ਗਿਆ।
ਸੀਨੀਅਰ ਵਕੀਲ ਦਯਾਨ ਕ੍ਰਿਸ਼ਨਨ ਅਤੇ ਵਿਸ਼ੇਸ਼ ਸਰਕਾਰੀ ਵਕੀਲ ਨਰਿੰਦਰ ਮਾਨ ਚੈਂਬਰ ਵਿਚ ਚੱਲ ਰਹੇ ਇਸ ਮਾਮਲੇ ਵਿਚ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਨੁਮਾਇੰਦਗੀ ਕਰ ਰਹੇ ਹਨ। ਦਿੱਲੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਵਕੀਲ ਪੀਯੂਸ਼ ਸਚਦੇਵਾ ਰਾਣਾ ਦੀ ਨੁਮਾਇੰਦਗੀ ਕਰ ਰਹੇ ਹਨ। ਆਪਣੇ ਪਿਛਲੇ ਰਿਮਾਂਡ ਆਦੇਸ਼ ‘ਚ ਅਦਾਲਤ ਨੇ ਐੱਨ.ਆਈ.ਏ. ਨੂੰ ਹਰ 24 ਘੰਟਿਆਂ ਵਿਚ ਰਾਣਾ ਦੀ ਡਾਕਟਰੀ ਜਾਂਚ ਕਰਨ ਅਤੇ ਉਸਨੂੰ ਹਰ ਦੂਜੇ ਦਿਨ ਆਪਣੇ ਵਕੀਲ ਨੂੰ ਮਿਲਣ ਦੀ ਆਗਿਆ ਦੇਣ ਦਾ ਨਿਰਦੇਸ਼ ਦਿੱਤਾ।
ਅਦਾਲਤ ਨੇ ਰਾਣਾ ਨੂੰ ਸਿਰਫ਼ ਇਕ ”ਸਾਫਟ-ਟਿਪ ਪੈੱਨ” ਦੀ ਵਰਤੋਂ ਕਰਨ ਅਤੇ ਐੱਨ.ਆਈ.ਏ. ਅਧਿਕਾਰੀਆਂ ਦੀ ਮੌਜੂਦਗੀ ਵਿਚ ਆਪਣੇ ਵਕੀਲ ਨੂੰ ਮਿਲਣ ਦੀ ਆਗਿਆ ਦਿੱਤੀ, ਜੋ ਸੁਣਨਯੋਗ ਦੂਰੀ ਤੋਂ ਪਾਰ ਹੋਣਗੇ। ਆਖਰੀ ਮੌਕੇ ‘ਤੇ ਬਹਿਸ ਦੌਰਾਨ ਐੱਨ.ਆਈ.ਏ. ਨੇ ਕਿਹਾ ਕਿ ਰਾਣਾ ਦੀ ਹਿਰਾਸਤ ਸਾਜ਼ਿਸ਼ ਦੇ ਪੂਰੇ ਦਾਇਰੇ ਨੂੰ ਇਕੱਠਾ ਕਰਨ ਲਈ ਜ਼ਰੂਰੀ ਸੀ ਅਤੇ ਕਿਹਾ ਕਿ ਉਸਨੂੰ 17 ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਦਾ ਪਤਾ ਲਗਾਉਣ ਲਈ ਵੱਖ-ਵੱਖ ਥਾਵਾਂ ‘ਤੇ ਲਿਜਾਣ ਦੀ ਲੋੜ ਸੀ।