#AMERICA

2026 ਫੀਫਾ ਵਰਲਡ ਕੱਪ ਦੌਰਾਨ ਸਟੇਡੀਅਮਾਂ ‘ਚ ICE ਦੀ ਮੌਜੂਦਗੀ ਨਹੀਂ ਹੋਵੇਗੀ

ਵਾਸ਼ਿੰਗਟਨ, 13 ਮਈ (ਪੰਜਾਬ ਮੇਲ)- ਫੀਫਾ ਵਰਲਡ ਕੱਪ 2026 ਤੋਂ ਪਹਿਲਾਂ ਅਮਰੀਕਾ ‘ਚ ਇਮੀਗ੍ਰੇਸ਼ਨ ਏਜੰਸੀ ICE ਦੀ ਭੂਮਿਕਾ ਨੂੰ ਲੈ ਕੇ ਚੱਲ ਰਹੀਆਂ ਚਿੰਤਾਵਾਂ ਵਿਚਕਾਰ ਹੁਣ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ।
ਕੁਝ ਮਹੀਨੇ ਪਹਿਲਾਂ ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੇ ਡਾਇਰੈਕਟਰ ਟੌਡ ਲਿਓਨਜ਼ ਨੇ ਕਿਹਾ ਸੀ ਕਿ ICE ਅਤੇ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ ਵਰਲਡ ਕੱਪ ਦੀ ਸੁਰੱਖਿਆ ਪ੍ਰਬੰਧਾਂ ਦਾ ਇੱਕ ਅਹਿਮ ਹਿੱਸਾ ਹੋਣਗੇ। ਉਨ੍ਹਾਂ ਮੁਤਾਬਕ ਏਜੰਸੀ ਦਾ ਮਕਸਦ ਟੂਰਨਾਮੈਂਟ ਵਿਚ ਸ਼ਾਮਲ ਖਿਡਾਰੀਆਂ ਅਤੇ ਦਰਸ਼ਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ।
ਪਰ ਹੁਣ ਰੋਡਨੀ ਬੈਰੇਟੋ ਨੇ ਸਪੱਸ਼ਟ ਕੀਤਾ ਹੈ ਕਿ ਮੈਚਾਂ ਦੌਰਾਨ ਸਟੇਡੀਅਮਾਂ ‘ਚ ICE ਦੀ ਮੌਜੂਦਗੀ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਟੂਰਨਾਮੈਂਟ ਨੂੰ ਕਿਸੇ ”ਇਮੀਗ੍ਰੇਸ਼ਨ ਕਾਰਵਾਈ” ਵਿਚ ਤਬਦੀਲ ਕਰਨ ਦਾ ਕੋਈ ਇਰਾਦਾ ਨਹੀਂ ਹੈ।
ਬਾਰੇਟੋ ਨੇ ਕਿਹਾ, ”ICE ਸਟੇਡੀਅਮ ਵਿਚ ਨਹੀਂ ਹੋਵੇਗੀ। ਇਹ ਕਿਸੇ ਨੂੰ ਇਕੱਠਾ ਕਰਕੇ ਗ੍ਰਿਫ਼ਤਾਰ ਕਰਨ ਵਾਲੀ ਕਾਰਵਾਈ ਨਹੀਂ ਬਣੇਗੀ। ਇਹ ਸਭ ਲਈ ਇੱਕ ਸ਼ਾਨਦਾਰ ਤਜਰਬਾ ਹੋਵੇਗਾ।”
ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸਿੱਧੀ ਗੱਲਬਾਤ ਮਾਰਕੋ ਰੂਬੀਓ ਨਾਲ ਹੋਈ ਹੈ, ਜਿਨ੍ਹਾਂ ਨੇ ਭਰੋਸਾ ਦਿਵਾਇਆ ਕਿ ਵਿਦੇਸ਼ੀ ਦਰਸ਼ਕਾਂ ਲਈ ਪਾਸਪੋਰਟ ਅਤੇ ਯਾਤਰਾ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਬੇਵਜ੍ਹਾ ਰੁਕਾਵਟਾਂ ਜਾਂ ਦੇਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਬਾਰੇਟੋ ਨੇ ਕਿਹਾ ਕਿ ਆਯੋਜਕਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਦਰਸ਼ਕਾਂ ਅਤੇ ਸੈਲਾਨੀਆਂ ਲਈ ਸੁਰੱਖਿਅਤ ਅਤੇ ਸੁਚੱਜਾ ਤਜਰਬਾ ਯਕੀਨੀ ਬਣਾਇਆ ਜਾਵੇਗਾ।