ਨਵੀਂ ਦਿੱਲੀ, 30 ਨਵੰਬਰ (ਪੰਜਾਬ ਮੇਲ)-ਵਿਸ਼ਵ ਏਡਜ਼ ਦਿਵਸ ਦੇ ਮੌਕੇ ‘ਤੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਦੱਖਣ-ਪੂਰਬੀ ਏਸ਼ੀਆ ਖੇਤਰ ਅਤੇ ਦੁਨੀਆਂ ਭਰ ਦੇ ਮੈਂਬਰ ਦੇਸ਼ਾਂ, ਭਾਈਵਾਲਾਂ ਅਤੇ ਭਾਈਚਾਰਿਆਂ ਨੂੰ 2030 ਤੱਕ ਏਡਜ਼ ਨੂੰ ਖ਼ਤਮ ਕਰਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਦਾ ਸੱਦਾ ਦਿੱਤਾ ਹੈ। ਇਹ ਦਿਹਾੜਾ ਦੁਨੀਆਂ ਭਰ ਵਿਚ ਪਹਿਲੀ ਦਸੰਬਰ ਨੂੰ ਮਨਾਇਆ ਜਾਂਦਾ ਹੈ। ਦੱਖਣ-ਪੂਰਬੀ ਏਸ਼ੀਆ ਲਈ ਡਬਲਯੂ.ਐੱਚ.ਓ. ਦੀ ਖੇਤਰੀ ਨਿਰਦੇਸ਼ਕ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਦੁਨੀਆਂ ਭਰ ‘ਚ 3.9 ਕਰੋੜ ਲੋਕ ਐੱਚ. ਆਈ. ਵੀ. ਹੈ। ਸਾਲ 2022 ਵਿਚ 13 ਲੱਖ ਲੋਕ ਐੱਚ.ਆਈ.ਵੀ. ਨਾਲ ਪੀੜਤ ਹੋਏ ਅਤੇ 6,30,000 ਦੀ ਮੌਤ ਏਡਜ਼ ਨਾਲ ਸਬੰਧਤ ਕਾਰਨਾਂ ਕਰਕੇ ਹੋਈ। ਦੱਖਣ-ਪੂਰਬੀ ਏਸ਼ੀਆ ਖੇਤਰ ਵਿਚ 39 ਲੱਖ ਲੋਕ ਐੱਚ.ਆਈ.ਵੀ. ਪੀੜਤ ਹਨ, ਜੋ ਦੁਨੀਆਂ ਭਰ ਵਿਚ ਇਸ ਬਿਮਾਰੀ ਤੋਂ ਪੀੜਤ ਲੋਕਾਂ ਦਾ 10 ਫੀਸਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 110,000 ਵਿਅਕਤੀ ਐੱਚ.ਆਈ.ਵੀ. ਨਾਲ ਪੀੜਤ ਹੋਏ ਅਤੇ ਖੇਤਰ ਵਿਚ ਏਡਜ਼ ਨਾਲ ਸਬੰਧਤ ਕਾਰਨਾਂ ਕਰਕੇ 85,000 ਦੀ ਮੌਤ ਹੋ ਗਈ ਸੀ।