-ਜੇਤੂ ਟੀਮ ਨੂੰ ਸੌਂਪਣਗੇ ਟਰਾਫ਼ੀ
ਨਿਊਯਾਰਕ, 24 ਜੂਨ (ਪੰਜਾਬ ਮੇਲ)- ਫੀਫਾ ਦੇ ਪ੍ਰਧਾਨ ਗਿਆਨੀ ਇਨਫਾਂਟੀਨੋ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 19 ਜੁਲਾਈ ਨੂੰ ਨਿਊ ਜਰਸੀ ਦੇ ਈਸਟ ਰਦਰਫੋਰਡ ਵਿਚ ਹੋਣ ਵਾਲੇ ਫੁਟਬਾਲ ਵਿਸ਼ਵ ਕੱਪ ਫਾਈਨਲ ਵਿਚ ਸ਼ਾਮਲ ਹੋਣਗੇ ਅਤੇ ਜੇਤੂ ਟੀਮ ਨੂੰ ਟਰਾਫ਼ੀ ਸੌਂਪਣ ਦੇ ਸਮਾਰੋਹ ਵਿਚ ਉਨ੍ਹਾਂ ਨਾਲ ਮੌਜੂਦ ਰਹਿਣਗੇ।
ਫਾਕਸ ਐਂਡ ਫ੍ਰੈਂਡਜ਼ ਨਾਲ ਗੱਲਬਾਤ ਦੌਰਾਨ ਇਨਫਾਂਟੀਨੋ ਨੇ ਕਿਹਾ ਕਿ ਉਹ ਰਾਸ਼ਟਰਪਤੀ ਟਰੰਪ ਨਾਲ ਮਿਲ ਕੇ ਫਾਈਨਲ ਦਾ ਆਨੰਦ ਮਾਣਨਗੇ ਅਤੇ ਜੇਤੂ ਟੀਮ ਨੂੰ ਟਰਾਫ਼ੀ ਵੀ ਇਕੱਠੇ ਹੀ ਪ੍ਰਦਾਨ ਕਰਨਗੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਅਤੇ ਟਰੰਪ ਇਕੱਠੇ ਟਰਾਫ਼ੀ ਸੌਂਪਣਗੇ, ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਬਿਲਕੁਲ ਉਹ ਅਕਸਰ ਇਕੱਠੇ ਹੀ ਹੁੰਦੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਟਰੰਪ ਕਲੱਬ ਵਿਸ਼ਵ ਕੱਪ ਫਾਈਨਲ ਦੇ ਇਨਾਮ ਵੰਡ ਸਮਾਰੋਹ ਵਿਚ ਸ਼ਾਮਲ ਹੋਏ ਸਨ, ਜਿੱਥੇ ਚੈਲਸੀ ਨੇ ਪੈਰਿਸ ਸੇਂਟ ਜਰਮੇਨ ਨੂੰ 3-0 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ। ਉਸ ਮੌਕੇ ਟਰੰਪ ਟਰਾਫ਼ੀ ਚੁੱਕਣ ਸਮੇਂ ਵੀ ਚੈਲਸੀ ਦੇ ਖਿਡਾਰੀਆਂ ਨਾਲ ਮੰਚ ‘ਤੇ ਮੌਜੂਦ ਰਹੇ ਸਨ। ਬਾਅਦ ਵਿਚ ਇਹ ਟਰਾਫ਼ੀ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿਚ ਵੀ ਦੇਖੀ ਗਈ ਸੀ, ਜਦਕਿ ਚੈਲਸੀ ਨੂੰ ਇਸ ਦੀ ਪ੍ਰਤੀਰੂਪ ਟਰਾਫ਼ੀ ਦਿੱਤੀ ਗਈ ਸੀ।
‘ਦਿ ਐਥਲੈਟਿਕ’ ਦੀ ਰਿਪੋਰਟ ਅਨੁਸਾਰ ਫੀਫਾ ਪ੍ਰਧਾਨ ਇਨਫਾਂਟੀਨੋ ਇਸ ਵਿਸ਼ਵ ਕੱਪ ਦੌਰਾਨ ਵੱਧ ਤੋਂ ਵੱਧ ਮੈਚਾਂ ਵਿਚ ਹਾਜ਼ਰੀ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਹੁਣ ਤੱਕ ਉਹ ਇੱਕ ਦਿਨ ਵਿਚ ਦੋ ਮੈਚਾਂ ਤੱਕ ਦੇਖ ਚੁੱਕੇ ਹਨ। ਹਾਲਾਂਕਿ ਡੋਨਾਲਡ ਟਰੰਪ ਨੇ ਅਜੇ ਤੱਕ ਮੈਦਾਨ ਵਿਚ ਇਸ ਸਾਲ ਦੇ ਵਿਸ਼ਵ ਕੱਪ ਦਾ ਕੋਈ ਮੈਚ ਨਹੀਂ ਦੇਖਿਆ ਹੈ।
19 ਜੁਲਾਈ ਨੂੰ ਨਿਊ ਜਰਸੀ ‘ਚ ਫੀਫਾ ਫੁਟਬਾਲ ਵਿਸ਼ਵ ਕੱਪ ਫਾਈਨਲ ਦੌਰਾਨ ਮੌਜੂਦ ਰਹਿਣਗੇ ਡੋਨਾਲਡ ਟਰੰਪ !

