#AMERICA

ਹਾਈ ਪ੍ਰੋਫਾਈਲ ਕੌਮਾਂਤਰੀ ਡਰੱਗ ਤੇ ਗਵਾਹ ਦੀ ਹੱਤਿਆ ਦੇ ਮਾਮਲੇ ‘ਚ ਪੰਜਾਬੀ ਸਮੇਤ 10 ਗ੍ਰਿਫਤਾਰ

ਸੈਕਰਾਮੈਂਟੋ, 26 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹਾਈ ਪ੍ਰੋਫਾਈਲ ਕੌਮਾਂਤਰੀ ਕੋਕੀਨ ਤਸਕਰੀ ਤੇ ਹੱਤਿਆ ਦੇ ਮਾਮਲੇ ਵਿਚ ਟੋਰਾਂਟੋ ਦੇ ਵਕੀਲ ਦੀਪਕ ਬਲਵੰਤ ਪਰਾਦਕਰ ਤੇ ਕ੍ਰਾਈਮ ਸਾਈਟ ਆਪਰੇਟਰ ਗੁਰਸੇਵਕ ਸਿੰਘ ਬੱਲ ਦੇ ਨਾਂ ਪ੍ਰਮੁੱਖ ਤੌਰ ‘ਤੇ ਸਾਹਮਣੇ ਆਏ ਹਨ। ਇਨ੍ਹਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਦਾਲਤ ਵਿਚ ਦਾਇਰ ਸੰਘੀ ਦੋਸ਼ ਪੱਤਰ ਅਨੁਸਾਰ ਇਨ੍ਹਾਂ ਦੋਨਾਂ ਨੇ ਕਈ ਟਨ ਕੋਕੀਨ ਕੋਲੰਬੀਆ ਤੋਂ ਮੈਕਸੀਕੋ ਰਾਹੀਂ ਅਮਰੀਕਾ ਤੇ ਕੈਨੇਡਾ ਵਿਚ ਭੇਜਣ ‘ਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਇਨ੍ਹਾਂ ਨੇ ਡਰੱਗ ਮਾਮਲੇ ਵਿਚ ਇੱਕ ਪ੍ਰਮੁੱਖ ਸੰਘੀ ਗਵਾਹ ਦੀ ਹੱਤਿਆ ਕਰਨ ‘ਚ ਮਦਦ ਕੀਤੀ। ਸਾਬਕਾ ਉਲੰਪਿਕ ਸਨੋਅਬੋਰਡਰ ਰਿਆਨ ਜੇਮਜ਼ ਵੈਡਿੰਗ ਵੀ ਦੋਸ਼ੀ ਵਜੋਂ ਸ਼ਾਮਲ ਹੈ, ਜੋ ਨੈੱਟਵਰਕ ਚਲਾਉਂਦਾ ਸੀ ਤੇ ਉਹ ਮੁੱਖ ਤੌਰ ‘ਤੇ ਪਰਾਦਕਰ ਤੇ ਬੱਲ ਵਰਗੇ ਲੋਕਾਂ ਵੱਲੋਂ ਕੀਤੀ ਗਈ ਸਹਾਇਤਾ ਉਪਰ ਨਿਰਭਰ ਸੀ। 62 ਸਾਲਾ ਪਰਾਦਕਰ ਇੱਕ ਪ੍ਰਸਿੱਧ ਕ੍ਰਿਮੀਨਲ ਵਕੀਲ ਹੈ, ਜੋ ਟੋਰਾਂਟੋ ਦਾ ਵਸਨੀਕ ਹੈ। ਪਿਛਲੇ ਸਾਲ ਕੈਲੀਫੋਰਨੀਆ ਵਿਚ ਕੋਕੀਨ ਦੀ ਵੱਡੀ ਖੇਪ ਫੜੇ ਜਾਣ ਉਪਰੰਤ ਪਰਾਦਕਰ ਦਾ ਨਾਂ ਸਾਹਮਣੇ ਆਇਆ ਸੀ। ਉਸ ਨੇ ਪ੍ਰਮੁੱਖ ਗਵਾਹ ਨੂੰ ਮਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਉਸ ਨੇ ਵੈਡਿੰਗ ਨੂੰ ਸਲਾਹ ਦਿੱਤੀ ਕਿ ਜੇਕਰ ਪ੍ਰਮੁੱਖ ਗਵਾਹ ਨੂੰ ਮਾਰ ਦਿੱਤਾ ਜਾਵੇ, ਤਾਂ ਡਰੱਗ ਮਾਮਲਾ ਕਮਜ਼ੋਰ ਹੋ ਜਾਵੇਗਾ। ਵਕੀਲਾਂ ਅਨੁਸਾਰ ਗੁਰਸੇਵਕ ਸਿੰਘ ਬੱਲ ਨੇ ਗਵਾਹ ਨੂੰ ਲੱਭਣ ਵਿਚ ਮਦਦ ਕੀਤੀ। ਉਸ ਨੇ ਆਪਣੀ ਵੈੱਬਸਾਈਟ ਉਪਰ ਗਵਾਹ ਦੀ ਤਸਵੀਰ ਪ੍ਰਕਾਸ਼ਿਤ ਕੀਤੀ, ਜਿਸ ਦੇ ਬਦਲੇ ਵਿਚ ਪੈਸੇ ਲਏ। ਜਾਂਚਕਾਰਾਂ ਅਨੁਸਾਰ ਬੱਲ ਦੇ ਇਸ ਕਦਮ ਨੇ ਸਾਜ਼ਿਸ਼ ਵਿਚ ਅਹਿਮ ਭੂਮਿਕਾ ਨਿਭਾਈ। ਗਵਾਹ ਅੇਬੇਡੋ ਗਾਰਸੀਆ ਨੂੰ ਇਸ ਸਾਲ 31 ਜਨਵਰੀ ਨੂੰ ਇੱਕ ਮੈਡਲਿਨ ਦੇ ਰੈਸਟੋਰੈਂਟ ਵਿਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਬਾਅਦ ਵਿਚ ਉਸ ਦੀ ਲਾਸ਼ ਦੀਆਂ ਤਸਵੀਰਾਂ ਗਰੁੱਪ ਵਿਚ ਸਾਂਝੀਆਂ ਕੀਤੀਆਂ ਗਈਆਂ। ਸਮਝਿਆ ਜਾਂਦਾ ਹੈ ਕਿ ਵੈਡਿੰਗ ਮੈਕਸੀਕੋ ਵਿਚ ਗਿਰੋਹ ਦੀ ਰੱਖਿਆ ਤਹਿਤ ਕਿਤੇ ਲੁੱਕਿਆ ਹੋਇਆ ਹੈ। ਇਸ ਮਾਮਲੇ ਵਿਚ ਹੁਣ ਤੱਕ 10 ਸ਼ੱਕੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ, ਜਦਕਿ ਕੁੱਲ 19 ਸ਼ੱਕੀਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਇਸ ਵੱਡੇ ਡਰੱਗ ਤਸਕਰੀ ਮਾਮਲੇ ਦੀ ਜਾਂਚ ਵਿਚ ਐੱਫ.ਬੀ.ਆਈ. ਲਾਸ ਏਂਜਲਸ ਫੀਲਡ ਦਫਤਰ, ਵਿਦੇਸ਼ ਵਿਭਾਗ, ਵਿੱਤ ਵਿਭਾਗ, ਆਰ.ਸੀ.ਐੱਮ.ਪੀ. ਤੇ ਕੋਲੰਬੀਅਨ ਨੈਸ਼ਨਲ ਪੁਲਿਸ ਨੇ ਅਹਿਮ ਭੂਮਿਕਾ ਨਿਭਾਈ। ਵਿਦੇਸ਼ ਵਿਭਾਗ ਨੇ ਵੈਡਿੰਗ ਦੀ ਗ੍ਰਿਫਤਾਰੀ ਲਈ ਇਨਾਮ ਵਧਾ ਕੇ ਡੇਢ ਕਰੋੜ ਡਾਲਰ ਕਰ ਦਿੱਤਾ ਹੈ ਤੇ ਗਵਾਹ ਦੀ ਹੱਤਿਆ ਵਿਚ ਸ਼ਾਮਲ ਲੋਕਾਂ ਦੀ ਸੂਹ ਦੇਣ ਵਾਲੇ ਲਈ 20 ਲੱਖ ਡਾਲਰ ਇਨਾਮ ਐਲਾਨਿਆ ਹੈ।