ਨਿਊਯਾਰਕ, 10 ਜੁਲਾਈ (ਪੰਜਾਬ ਮੇਲ)- ਅਮਰੀਕਾ ਵਿੱਚ 10 ਹਜ਼ਾਰ ਤੋਂ ਵੱਧ ਨਿਵੇਸ਼ਕਾਂ ਨਾਲ 45 ਮਿਲੀਅਨ ਡਾਲਰ ਤੋਂ ਵੱਧ ਦੀ ਠੱਗੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਸੰਘੀ ਅਦਾਲਤ ਨੇ ਸਜ਼ਾ ਸੁਣਾਈ ਹੈ। ਨੇਵਾਡਾ ਦੇ ਬਰਾਇਨ ਲੀ ਨੂੰ 36 ਮਹੀਨੇ ਅਤੇ ਨੀਲ ਸੁਰੇਸ਼ ਚੰਦਰਨ ਨੂੰ 136 ਮਹੀਨੇ ਦੀ ਜੇਲ੍ਹ ਹੋਈ ਹੈ। ਦੋਵਾਂ ਨੂੰ ਰਿਹਾਈ ਤੋਂ ਬਾਅਦ ਤਿੰਨ ਸਾਲ ਨਿਗਰਾਨੀ ਹੇਠ ਵੀ ਰਹਿਣਾ ਪਵੇਗਾ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ 54 ਸਾਲਾ ਚੰਦਰਨ ਨੇ ਕਈ ਕੰਪਨੀਆਂ ਬਣਾਈਆਂ ਅਤੇ ਨਿਵੇਸ਼ਕਾਂ ਨੂੰ ਝੂਠਾ ਦੱਸਿਆ ਕਿ ਇਨ੍ਹਾਂ ਕੰਪਨੀਆਂ ਨੂੰ ਅਰਬਪਤੀਆਂ ਦਾ ਇੱਕ ਸਮੂਹ ਬਹੁਤ ਉੱਚੀ ਕੀਮਤ ’ਤੇ ਖਰੀਦਣ ਵਾਲਾ ਹੈ। ਇਸੇ ਲਾਲਚ ਨਾਲ ਸਾਲ 2018 ਤੋਂ 2022 ਤੱਕ ਹਜ਼ਾਰਾਂ ਲੋਕਾਂ ਤੋਂ ਪੈਸਾ ਇਕੱਠਾ ਕੀਤਾ ਗਿਆ।
60 ਸਾਲਾ ਬਰਾਇਨ ਲੀ ViMarket ਕੰਪਨੀ ਦਾ ਕਾਗਜ਼ੀ ਮਾਲਕ ਸੀ, ਪਰ ਕੰਪਨੀ ਅਸਲ ਵਿੱਚ ਚੰਦਰਨ ਦੇ ਕੰਟਰੋਲ ਹੇਠ ਸੀ। ਨਿਆਂ ਵਿਭਾਗ ਅਨੁਸਾਰ ਲੀ ਨੂੰ ਪਤਾ ਸੀ ਕਿ ਨਿਵੇਸ਼ਕਾਂ ਨਾਲ ਕੀਤੇ ਜਾ ਰਹੇ ਦਾਅਵੇ ਝੂਠੇ ਹਨ, ਫਿਰ ਵੀ ਉਹ ਸਾਜ਼ਿਸ਼ ਵਿੱਚ ਸ਼ਾਮਲ ਰਿਹਾ।
ਜਾਂਚ ਵਿੱਚ ਸਾਹਮਣੇ ਆਇਆ ਕਿ ਦੋਸ਼ੀਆਂ ਨੇ ਨਿਵੇਸ਼ਕਾਂ ਦੇ ਪੈਸੇ ਨਾਲ ਮਹਿੰਗੇ ਘਰ, ਰੀਅਲ ਅਸਟੇਟ ਅਤੇ ਲਗਜ਼ਰੀ ਗੱਡੀਆਂ ਖਰੀਦੀਆਂ। ਐੱਫਬੀਆਈ ਨੇ ਕਿਹਾ ਕਿ ਦੋਵਾਂ ਨੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਆਪਣੀ ਨਿੱਜੀ ਜਾਇਦਾਦ ਵਾਂਗ ਵਰਤਿਆ।
ਅਪ੍ਰੈਲ 2026 ਵਿੱਚ ਚੰਦਰਨ ਨੇ ਮੇਲ ਫਰੌਡ ਅਤੇ ਲੀ ਨੇ ਮੇਲ ਤੇ ਵਾਇਰ ਫਰੌਡ ਦੀ ਸਾਜ਼ਿਸ਼ ਦਾ ਦੋਸ਼ ਕਬੂਲ ਕਰ ਲਿਆ ਸੀ। ਮਾਮਲੇ ਦੀ ਜਾਂਚ ਐੱਫਬੀਆਈ ਵੱਲੋਂ ਕੀਤੀ ਗਈ।

