#AMERICA

ਸੀ.ਆਈ.ਏ. ਦਸਤਾਵੇਜ਼ਾਂ ‘ਚ ਖੁਲਾਸਾ; 9/11 ਤੋਂ ਪਹਿਲਾਂ ਓਸਾਮਾ ਬਿਨ ਲਾਦੇਨ ਦੇ ਨਿਸ਼ਾਨੇ ‘ਤੇ ਸੀ ਭਾਰਤ

ਵਾਸ਼ਿੰਗਟਨ, 14 ਸਤੰਬਰ (ਪੰਜਾਬ ਮੇਲ)- ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਵੱਲੋਂ ਹਾਲ ਹੀ ਵਿਚ ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿਚ ਇੱਕ ਮਹੱਤਵਪੂਰਨ ਖੁਲਾਸਾ ਹੋਇਆ ਹੈ। ਅਲ-ਕਾਇਦਾ ਦਾ ਸਾਬਕਾ ਮੁਖੀ ਓਸਾਮਾ ਬਿਨ ਲਾਦੇਨ ਭਾਰਤ ਨੂੰ ਵੀ ਉਨ੍ਹਾਂ ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ ਸੀ, ਜਿੱਥੇ ਉਹ ਅੱਤਵਾਦੀ ਹਮਲੇ ਕਰਨ ਦਾ ਇਰਾਦਾ ਰੱਖਦਾ ਸੀ। ਇਹ ਜਾਣਕਾਰੀ 1998 ਦੇ ਪ੍ਰੈਜ਼ੀਡੈਂਸ਼ੀਅਲ ਡੇਲੀ ਬ੍ਰੀਫ ਵਿਚ ਸਾਹਮਣੇ ਆਈ ਹੈ।
ਸ਼ੁੱਕਰਵਾਰ ਨੂੰ ਸੀ.ਆਈ.ਏ. ਨੇ ਓਸਾਮਾ ਬਿਨ ਲਾਦੇਨ ਨਾਲ ਸਬੰਧਤ 70 ਤੋਂ ਵੱਧ ਪ੍ਰੈਜ਼ੀਡੈਂਸ਼ੀਅਲ ਡੇਲੀ ਬ੍ਰੀਫਾਂ ਨੂੰ ਜਨਤਕ ਕੀਤਾ, ਜਿਨ੍ਹਾਂ ਦੇ ਕੁੱਲ 100 ਪੰਨੇ ਹਨ। ਇਹ ਦਸਤਾਵੇਜ਼ 2001 ਵਿਚ 9/11 ਦੇ ਹਮਲਿਆਂ ਦੀ 25ਵੀਂ ਬਰਸੀ ਮੌਕੇ ਜਾਰੀ ਕੀਤੇ ਗਏ ਹਨ। 28 ਅਗਸਤ, 1998 ਨੂੰ ਇੱਕ ਪ੍ਰੈਜ਼ੀਡੈਂਸ਼ੀਅਲ ਬ੍ਰੀਫ ਵਿਚ ਦੱਸਿਆ ਗਿਆ ਸੀ ਕਿ ਬਿਨ ਲਾਦੇਨ ਭਾਰਤ, ਪਾਕਿਸਤਾਨ, ਮਿਸਰ, ਕੁਵੈਤ, ਸਾਊਦੀ ਅਰਬ, ਯਮਨ, ਯੂਗਾਂਡਾ ਅਤੇ ਸੰਭਾਵਤ ਤੌਰ ‘ਤੇ ਨਾਈਜੀਰੀਆ ਸਮੇਤ ਕਈ ਦੇਸ਼ਾਂ ਵਿਚ ਹਮਲੇ ਕਰਨਾ ਚਾਹੁੰਦਾ ਸੀ। ”ਬਿਨ ਲਾਦੇਨ ਅੱਤਵਾਦੀ ਨੈੱਟਵਰਕ ਇੱਕ ਖ਼ਤਰਾ ਬਣਿਆ ਹੋਇਆ ਹੈ” ਸਿਰਲੇਖ ਵਾਲੇ ਦਸਤਾਵੇਜ਼ ਦੇ ਕੁਝ ਹਿੱਸੇ ਜਾਰੀ ਨਹੀਂ ਕੀਤੇ ਗਏ ਹਨ। ਇਹ ਭਾਰਤ ਸੰਬੰਧੀ ਕੋਈ ਖਾਸ ਸਥਾਨ, ਹਮਲੇ ਦੀ ਮਿਤੀ ਜਾਂ ਕੋਈ ਸਹੀ ਸੰਚਾਲਨ ਯੋਜਨਾ ਪ੍ਰਦਾਨ ਨਹੀਂ ਕਰਦਾ ਹੈ।
ਦਸਤਾਵੇਜ਼ਾਂ ਵਿਚ ਦੱਸਿਆ ਗਿਆ ਹੈ ਕਿ ਉੱਤਰੀ ਅਮਰੀਕਾ, ਯੂਰਪ ਅਤੇ ਪੂਰਬੀ ਏਸ਼ੀਆ ਵਿਚ ਅਲ-ਕਾਇਦਾ ਦੇ ਮਜ਼ਬੂਤ ਨੈੱਟਵਰਕ ਦੇ ਚਲਦਿਆਂ ਦੱਖਣੀ ਏਸ਼ੀਆ ਤੋਂ ਲੈ ਕੇ ਪੱਛਮੀ ਦੇਸ਼ਾਂ ਤੱਕ ਅਮਰੀਕੀ ਹਿੱਤਾਂ ਅਤੇ ਹੋਰ ਰਾਸ਼ਟਰਾਂ ਨੂੰ ਨਿਸ਼ਾਨਾ ਬਣਾਉਣ ਦਾ ਖਤਰਾ ਬਣਿਆ ਹੋਇਆ ਸੀ। ਦਸਤਾਵੇਜ਼ਾਂ ਮੁਤਾਬਕ ਅਮਰੀਕਾ ਅਤੇ ਹੋਰ ਦੇਸ਼ਾਂ ਵੱਲੋਂ ਅਲਕਾਇਦਾ ਦੇ ਠਿਕਾਣਿਆਂ ‘ਤੇ ਕੀਤੇ ਗਏ ਹਵਾਈ ਹਮਲਿਆਂ ਅਤੇ ਫੌਜੀ ਕਾਰਵਾਈਆਂ ਦੇ ਬਾਵਜੂਦ ਇਸ ਦਾ ਨੈੱਟਵਰਕ ਸਰਗਰਮ ਰਿਹਾ। ਹਮਲਿਆਂ ਦੌਰਾਨ ਬਚੇ ਲੜਾਕਿਆਂ ਨੂੰ ਹੋਰ ਸਿਖਲਾਈ ਕੈਂਪਾਂ ਵਿਚ ਭੇਜ ਕੇ ਬ੍ਰਿਟੇਨ ਅਤੇ ਅਮਰੀਕਾ ‘ਤੇ ਅਗਲੇ ਹਮਲਿਆਂ ਦੀਆਂ ਤਿਆਰੀਆਂ ਜਾਰੀ ਰੱਖੀਆਂ ਗਈਆਂ ਸਨ। ਅਮਰੀਕੀ ਖੁਫੀਆ ਏਜੰਸੀਆਂ 1998 ਤੋਂ 2001 ਤੱਕ ਲਗਾਤਾਰ ਆਪਣੇ ਰਾਸ਼ਟਰਪਤੀਆਂ ਨੂੰ ਬਿਨ ਲਾਦੇਨ ਦੇ ਖਤਰੇ ਬਾਰੇ ਆਗਾਹ ਕਰਦੀਆਂ ਰਹੀਆਂ ਸਨ, ਜਿਸ ਤੋਂ ਬਾਅਦ 9/11 ਦਾ ਹਮਲਾ ਵਾਪਰਿਆ ਅਤੇ ਬਾਅਦ ਵਿਚ ਅਮਰੀਕੀ ਸੀਲਜ਼ ਨੇ ਪਾਕਿਸਤਾਨ ਵਿਚ ਇੱਕ ਕਾਰਵਾਈ ਦੌਰਾਨ ਬਿਨ ਲਾਦੇਨ ਨੂੰ ਢੇਰ ਕਰ ਦਿੱਤਾ ਸੀ।