#CANADA

ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ: ਗੁਰਮੁਖ ਸਿੰਘ ਦੀ 128ਵੀਂ ਯਾਦ ‘ਚ ਵਿਸ਼ਾਲ ਸਮਾਗਮ

-ਸਿੱਖ ਕੌਮ ਬੌਧਿਕ ਪੱਧਰ ‘ਤੇ ਚੇਤੰਨ ਹੋ ਕੇ ਮੌਜੂਦਾ ਚੁਣੌਤੀਆਂ ਖਿਲਾਫ ਲੜੇ : ਡਾ: ਗੁਰਵਿੰਦਰ ਸਿੰਘ
ਸਰੀ (ਕੈਨੇਡਾ), 30 ਸਤੰਬਰ (ਪੰਜਾਬ ਮੇਲ)- ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ ਵਲੋਂ ਸਿੰਘ ਸਭਾ ਲਹਿਰ ਦੇ ਮੋਢੀ ਆਗੂ ਤੇ ਸਿੱਖ ਕੌਮ ਦੀ ਵਿਰਾਸਤੀ ਸੰਸਥਾ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਦੇ ਸੰਸਥਾਪਕ ਪ੍ਰੋ: ਗੁਰਮੁਖ ਸਿੰਘ ਦੀ 128ਵੀਂ ਬਰਸੀ ਮੌਕੇ ਵਿਸ਼ਾਲ ਸਮਾਗਮ ਗੁਰਦੁਆਰਾ ਗੁਰਸਾਗਰ ਮਸਤੂਆਣਾਂ ਸਾਹਿਬ, ਸਰੀ (ਕੈਨੇਡਾ) ਵਿਖੇ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੀ ਆਰੰਭਤਾ ਕਰਦਿਆਂ ਲੇਖਕ ਗੁਰਪ੍ਰੀਤ ਸਿੰਘ ਤਲਵੰਡੀ ਨੇ ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ ਦਾ ਉਦੇਸ਼ ਅਤੇ ਸਰਗਰਮੀਆਂ ਬਾਰੇ ਦੱਸਦਿਆਂ ਕਿਹਾ ਕਿ ਲੰਮਾਂ ਅਰਸਾ ਅਣਗੌਲੇ ਰਹੇ ਤੇ ਸਿੱਖੀ ਦੀ ਤੜਪ ਰੱਖਣ ਵਾਲੇ ਯੋਧਿਆਂ ਵਲੋਂ ਲਏ ਗਏ ਸੁਪਨਿਆਂ ਅਨੁਸਾਰ ਅੱਜ ਵੀ ਸਿੰਘ ਸਭਾ ਲਹਿਰ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਪ੍ਰੈੱਸ ਕਲੱਬ ਆਫ ਬੀ.ਸੀ. ਦੇ ਪ੍ਰਧਾਨ ਡਾ: ਗੁਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰੋ: ਗੁਰਮੁਖ ਸਿੰਘ ਦੁਆਰਾ ਸਿੰਘ ਸਭਾ ਲਹਿਰ ਨਾਲ ਜੁੜ ਕੇ ਖਾਲਸਾ ਕਾਲਜ ਅੰਮ੍ਰਿਤਸਰ ਵਰਗੀ ਸੰਸਥਾ ਸਿੱਖਾਂ ਨੂੰ ਸੌਂਪ ਦੇਣੀ ਉਨ੍ਹਾਂ ਦੀ ਇੱਕ ਵੱਡੀ ਦੇਣ ਮੰਨੀ ਜਾ ਸਕਦੀ ਹੈ। ਭਾਵੇਂ ਕਿ ਸਿੱਖੀ ਦੀ ਤੜਪ ਰੱਖਦਿਆਂ ਉਨ੍ਹਾਂ ਨੂੰ ਪੁਜਾਰੀਆਂ ਵਲੋਂ ਤਨਖਾਹੀਆ ਕਰਾਰ ਦੇਣ ਵਰਗੇ ਫੁਰਮਾਨ ਵੀ ਜਾਰੀ ਕੀਤੇ ਗਏ, ਪਰ ਉਨ੍ਹਾਂ ਦੁਆਰਾ ਪ੍ਰੋ: ਗਿਆਨੀ ਦਿੱਤ ਸਿੰਘ ਤੇ ਹੋਰ ਸੂਝਵਾਨ ਸੱਜਣਾਂ ਨਾਲ ਰਲ ਕੇ ਪੰਜਾਬੀ ਦੀ ਪਹਿਲੀ ਪ੍ਰੈੱਸ ਸਥਾਪਿਤ ਕਰਨੀ ਤੇ ਪੰਜਾਬੀ ਦਾ ਪਹਿਲਾ ਅਖਬਾਰ ‘ਖਾਲਸਾ ਅਖਬਾਰ’, ਗੁਰਮੁਖੀ ਸਮਾਚਾਰ ਤੇ ਮਹੀਨਾਵਾਰ ਪੱਤਰ ਸੁਧਾਰਕ ਅਤੇ ਵਿਦਿਯਾਰਕ ਪ੍ਰਕਾਸ਼ਿਤ ਕਰਕੇ ਪੰਜਾਬੀ ਪੱਤਰਕਾਰੀ ਦਾ ਮੁੱਢ ਬੰਨਿਆਂ। ਪੱਤਰਕਾਰ ਜੋਗਿੰਦਰ ਸਿੰਘ ਨੇ ਵੀ ਪ੍ਰੋ: ਗੁਰਮੁਖ ਸਿੰਘ ਦੁਆਰਾ ਪੰਜਾਬੀ ਪੱਤਰਕਾਰੀ ਦੀ ਆਰੰਭਤਾ ਨੂੰ ਇੱਕ ਵੱਡਾ ਮੀਲ ਪੱਥਰ ਦੱਸਿਆ। ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਤੇ ਸਿੱਖ ਚਿੰਤਕ ਗਿਆਨੀ ਮਹਿੰਦਰ ਸਿੰਘ ਮਹਿਸਮਪੁਰ ਦੁਆਰਾ ਪ੍ਰੋ: ਗੁਰਮਖ ਸਿੰਘ ਨੂੰ ਯਾਦ ਕਰਦਿਆਂ ਵਿਦਿਅਕ ਕੇਂਦਰ ਮਸਤੂਆਣਾਂ ਦੇ ਸੰਤ ਅਤਰ ਸਿੰਘ ਮਸਤੂਆਣਾਂ ਅਤੇ ਸੰਤ ਤੇਜਾ ਸਿੰਘ ਦੁਆਰਾ ਸਿੱਖਾਂ ਨੂੰ ਵਿਦਿਆ ਨਾਲ ਜੋੜਨ ਦੇ ਯਤਨਾਂ ਬਾਰੇ ਵਿਸਥਾਰ ਵਿਚ ਚਾਨਣਾਂ ਪਾਇਆ। ਸਿੱਖ ਆਗੂ ਗਿਆਨ ਸਿੰਘ ਸੰਧੂ, ਡਾ. ਪ੍ਰਗਟ ਸਿੰਘ ਭੁਰਜੀ, ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਦੀ ਬੇਟੀ ਹਰਮਨਦੀਪ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਰਹੇ ਮਰਹੂਮ ਲਾਲ ਸਿੰਘ ਬਾਂਡੀਵਾਲਾ ਦੇ ਪੋਤਰੇ ਕੁਲਮੋਹਣ ਸਿੰਘ ਬਾਂਡੀਵਾਲਾ ਨੇ ਵੀ ਆਪਣੇ ਸੰਬੋਧਨ ਵਿਚ ਸਿੰਘ ਸਭਾ ਲਹਿਰ ਨਾਲ ਜੁੜੇ ਇਨ੍ਹਾਂ ਅਣਗੌਲੇ ਯੋਧਿਆਂ ਦੀ ਸੋਚ ਨੂੰ ਘਰ-ਘਰ ਪਹੁੰਚਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਗੁਰਦੁਆਰਾ ਪ੍ਰਬੰਧਕ ਗਿਆਨੀ ਮਹਿੰਦਰ ਸਿੰਘ ਦੁਆਰਾ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਿੱਖ ਕੌਮ ਨੂੰ ਬੌਧਿਕ ਪੱਧਰ ‘ਤੇ ਚੇਤੰਨ ਹੋ ਕੇ ਮੌਜੂਦਾ ਸਮੇਂ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਖੇਤਰ ‘ਚ ਦਰਪੇਸ਼ ਚੁਣੌਤੀਆਂ ਦਾ ਟਾਕਰਾ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।