#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਨੂੰ ਬਣਾ ਕੇ ਦਿੱਤੇ ਮਕਾਨ ਦਾ ਜ਼ਿਲ੍ਹਾ ਪ੍ਰਧਾਨ ਵੱਲੋਂ ਉਦਘਾਟਨ

ਸ੍ਰੀ ਮੁਕਤਸਰ ਸਾਹਿਬ, 17 ਸਤੰਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਸੰਨੀ ਓਬਰਾਏ ਆਵਾਸ ਯੋਜਨਾ ਤਹਿਤ ਵੱਡੀ ਪੱਧਰ ‘ਤੇ ਲੋੜਵੰਦ ਪਰਿਵਾਰਾਂ ਨੂੰ, ਹੜਾਂ ਤੋਂ ਪੀੜਤ ਪਰਿਵਾਰਾਂ ਨੂੰ ਅਤੇ ਬਾਰਸ਼ਾਂ ਨਾਲ ਪ੍ਰਭਾਵਿਤ ਹੋਏ ਮਕਾਨਾਂ ਨੂੰ ਬਣਾ ਕੇ ਦਿੱਤਾ ਜਾ ਰਿਹਾ ਹੈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਲੜੀ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਾਨ ਸਿੰਘ ਵਾਲਾ ਵਿਖੇ ਪਿਛਲੇ ਸਾਲ ਬਾਰਸ਼ਾਂ ਦੋਰਾਨ ਇੱਕ ਗਰੀਬ ਪਰਿਵਾਰ ਦਾ ਮਕਾਨ ਡਿੱਗਣ ਕਾਰਨ ਪਰਿਵਾਰ ਖੁੱਲ੍ਹੇ ਅਸਮਾਨ ਹੇਠ ਦਿਨ ਕੱਟਣ ਲਈ ਮਜਬੂਰ ਸੀ, ਘਰ ਦਾ ਕਮਾਉਣ ਵਾਲਾ ਵੀ ਕਿਸੇ ਨਾਮੁਰਾਦ ਬੀਮਾਰੀ ਤੋਂ ਪੀੜਤ ਹੈ।
ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਸ ਕੇਸ ਨੂੰ ਪੜਤਾਲ ਉਪਰੰਤ ਡਾ. ਐੱਸ.ਪੀ. ਸਿੰਘ ਓਬਰਾਏ ਕੋਲ ਭੇਜਿਆ ਗਿਆ ਅਤੇ ਡਾ. ਓਬਰਾਏ ਨੇ ਜ਼ਿਲ੍ਹਾ ਟੀਮ ਨੂੰ ਤੁਰੰਤ ਲੋੜੀਂਦਾ ਮਕਾਨ ਬਣਾ ਕੇ ਦੇਣ ਲਈ ਕਿਹਾ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਹ ਬਣ ਕੇ ਤਿਆਰ ਹੋ ਗਿਆ ਹੈ। ਅੱਜ ਇਸ ਨੂੰ ਪਿੰਡ ਦੇ ਪਤਵੰਤਿਆਂ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਦੀ ਹਾਜ਼ਰੀ ਵਿਚ ਲੋੜਵੰਦ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ 30 ਦੇ ਕਰੀਬ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮਕਾਨ ਬਣਾ ਕੇ ਦਿੱਤੇ ਗਏ ਹਨ। ਲੋੜਵੰਦ ਵੱਲੋਂ ਡਾ. ਓਬਰਾਏ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਮੇਰੇ ਕੋਲ ਮਕਾਨ ਬਣਾਉਣ ਦੀ ਕੋਈ ਵੀ ਸਮਰੱਥਾ ਨਹੀਂ ਸੀ। ਇਸ ਮੌਕੇ ਚਰਨਜੀਤ ਸਿੰਘ ਮੈਂਬਰ ਬਲਾਕ ਸੰਮਤੀ, ਸੁਖਬੀਰ ਸਿੰਘ ਜੈਲਦਾਰ, ਹਰਭਗਵਾਨ ਸਿੰਘ ਖੱਪਿਆਂਵਾਲ਼ੀ, ਮਲਕੀਤ ਸਿੰਘ ਕਾਲਾ ਖੱਪਿਆਂਵਾਲ਼ੀ, ਪਿੰਡ ਦੇ ਪਤਵੰਤੇ ਹਾਜ਼ਰ ਸਨ।