ਸਮੁੰਦਰ ਵਿੱਚ ਫਸੀ ਕਿਸ਼ਤੀ ਵਿੱਚੋਂ 40 ਤੋਂ ਵੱਧ ਨੂੰ ਸੁਰੱਖਿਅਤ ਕੱਢਿਆ
ਬਾਰਸੀਲੋਨਾ, 3 ਸਤੰਬਰ (ਪੰਜਾਬ ਮੇਲ)- ਸਪੇਨ ਦੇ ਕੈਨਾਰੀ ਟਾਪੂ ਨੇੜੇ ਅੰਧ ਮਹਾਸਾਗਰ ਵਿਚ ਪ੍ਰਵਾਸੀਆਂ ਦੀ ਇੱਕ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 80 ਤੋਂ ਵਧ ਜਣਿਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰਨਾਂ ਦੇ ਲਾਪਤਾ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਦੌਰਾਨ ਵਾਕਿੰਗ ਬਾਰਡਰਜ਼ ਦੀ ਸੰਸਥਾਪਕ ਹੇਲੇਨਾ ਮਾਲੇਨੋ ਨੇ ਰਿਪੋਰਟ ਦਿੱਤੀ ਹੈ ਕਿ ਇਸ ਹਾਦਸੇ ਦੌਰਾਨ 83 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚ ਤਿੰਨ ਔਰਤਾਂ ਅਤੇ ਇੱਕ ਬੱਚਾ ਵੀ ਸ਼ਾਮਲ ਹੈ। ਦੂਜੇ ਪਾਸੇ ਏਜੰਸੀ ਨੇ ਪੰਜ ਜਣਿਆਂ ਦੀਆਂ ਮੌਤਾਂ ਦੀ ਹੀ ਪੁਸ਼ਟੀ ਕੀਤੀ ਹੈ।
ਸਪੇਨ ਦੀ ਸਮੁੰਦਰੀ ਬਚਾਅ ਸੇਵਾ ਨੇ ਦੱਸਿਆ ਕਿ ਕਿਸ਼ਤੀ ਹਾਦਸੇ ਵਿਚ ਬਚੇ ਤਿੰਨ ਬਚੇ ਹੋਏ ਲੋਕਾਂ ਨੂੰ ਤੁਰੰਤ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਦਕਿ ਬਾਕੀ 41 ਪ੍ਰਵਾਸੀਆਂ ਨੂੰ ਕਿਸ਼ਤੀ ਰਾਹੀਂ ਸੁਰੱਖਿਅਤ ਕੱਢ ਕੇ ਬੰਦਰਗਾਹ ਲਿਆਂਦਾ ਗਿਆ, ਜਿੱਥੇ ਰੈੱਡ ਕਰਾਸ ਵੱਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਗਈ। ਰੈੱਡ ਕਰਾਸ ਦੇ ਬੁਲਾਰੇ ਜੋਸ ਐਂਟੋਨੀਓ ਰੋਡਰਿਗਜ਼ ਵੇਰੋਨਾ ਨੇ ਦੱਸਿਆ ਕਿ ਸਾਰੇ ਬਚੇ ਹੋਏ ਲੋਕ ਮਾਲੀ ਜਾਂ ਸ਼ੈਨੇਗਲ ਤੋਂ ਸਨ।
ਰੈੱਡ ਕਰਾਸ ਨਾਲ ਫ਼ੋਨ ‘ਤੇ ਗੱਲਬਾਤ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਬਚੇ ਹੋਏ ਪ੍ਰਵਾਸੀ ਬਿਮਾਰ ਹਨ ਤੇ ਕਈ ਲੋਕ ਜ਼ਮੀਨ ‘ਤੇ ਪਹੁੰਚਦਿਆਂ ਹੀ ਡਿੱਗ ਪਏ ਜਾਂ ਉਲਟੀਆਂ ਕਰਨ ਲੱਗੇ। ਪ੍ਰਵਾਸੀਆਂ ਨੇ ਦੱਸਿਆ ਕਿ ਉਹ ਗੈਂਬੀਆ ਤੋਂ ਚੱਲੇ ਸਨ ਅਤੇ ਕਈ ਹਫ਼ਤਿਆਂ (ਕਰੀਬ ਇੱਕ ਮਹੀਨਾ) ਤੋਂ ਸਮੁੰਦਰ ਵਿਚ ਫਸੇ ਹੋਏ ਸਨ। ਖਾਣ-ਪੀਣ ਦਾ ਸਾਮਾਨ ਖ਼ਤਮ ਹੋਣ ਕਾਰਨ ਉਨ੍ਹਾਂ ਨੂੰ ਸਮੁੰਦਰੀ ਪਾਣੀ ਪੀਣਾ ਪਿਆ, ਜਿਸ ਨਾਲ ਉਹ ਬਿਮਾਰ ਹੋ ਗਏ।
ਪ੍ਰਵਾਸੀਆਂ ਨੇ ਇਹ ਵੀ ਦੱਸਿਆ ਕਿ ਸ਼ੁਰੂ ਵਿਚ ਕਿਸ਼ਤੀ ਵਿਚ 100 ਤੋਂ ਵੱਧ ਲੋਕ ਸਵਾਰ ਸਨ, ਜਿਨ੍ਹਾਂ ਵਿਚ ਔਰਤਾਂ ਅਤੇ ਇੱਕ ਬੱਚਾ ਵੀ ਸ਼ਾਮਲ ਸੀ। ਸਫ਼ਰ ਦੌਰਾਨ ਜਿਵੇਂ-ਜਿਵੇਂ ਲੋਕਾਂ ਦੀ ਮੌਤ ਹੁੰਦੀ ਗਈ, ਉਨ੍ਹਾਂ ਦੀਆਂ ਲਾਸ਼ਾਂ ਨੂੰ ਸਮੁੰਦਰ ਵਿਚ ਸੁੱਟ ਦਿੱਤਾ ਜਾਂਦਾ ਰਿਹਾ ਪਰ ਬਾਅਦ ਵਿਚ ਲਾਸ਼ਾਂ ਨੂੰ ਸੁੱਟਣ ਦੀ ਵੀ ਤਾਕਤ ਨਹੀਂ ਬਚੀ। ਖ਼ਰਾਬ ਮੌਸਮ, ਤੇਜ਼ ਹਵਾਵਾਂ ਅਤੇ ਢਾਈ ਮੀਟਰ ਉੱਚੀਆਂ ਲਹਿਰਾਂ ਕਾਰਨ ਰਾਹਤ ਕਾਰਜਾਂ ਵਿਚ ਸਮੱਸਿਆ ਆਈ।
ਪੱਛਮੀ ਅਫ਼ਰੀਕੀ ਅੰਧ ਮਹਾਸਾਗਰ ਦਾ ਇਹ ਰਸਤਾ ਯੂਰਪ ਜਾਣ ਵਾਲੇ ਸਭ ਤੋਂ ਖ਼ਤਰਨਾਕ ਸਮੁੰਦਰੀ ਰਸਤਿਆਂ ਵਿਚੋਂ ਇੱਕ ਮੰਨਿਆ ਜਾਂਦਾ ਹੈ, ਜਿੱਥੇ ਪਿਛਲੇ ਕੁਝ ਸਾਲਾਂ ਵਿਚ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਸਪੇਨ ਨੇੜੇ ਪ੍ਰਵਾਸੀਆਂ ਦੀ ਕਿਸ਼ਤੀ ਪਲਟਣ ਕਾਰਨ 80 ਤੋਂ ਵੱਧ ਮੌਤਾਂ; ਦਰਜਨਾਂ ਲਾਪਤਾ

