ਓਂਟਾਰੀਓ ਦਾ ਜੋੜਾ ਗ੍ਰਿਫ਼ਤਾਰ; ਪੁਲਿਸ ਵੱਲੋਂ ਹੋਰ ਪੀੜਤਾਂ ਨੂੰ ਸਾਹਮਣੇ ਆਉਣ ਦੀ ਅਪੀਲ
ਵਿਨੀਪੈੱਗ, (ਪੰਜਾਬ ਮੇਲ)- ਬਜ਼ੁਰਗਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਉਨ੍ਹਾਂ ਤੋਂ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਠੱਗਣ ਵਾਲੇ ਇੱਕ ਕਥਿਤ ਗਰੋਹ ਦਾ ਪਰਦਾਫਾਸ਼ ਕਰਦਿਆਂ ਵਿਨੀਪੈੱਗ ਪੁਲਿਸ ਨੇ ਓਨਟਾਰੀਓ ਦੇ ਇੱਕ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਜਣੇ ਗ੍ਰੈਂਡਪੇਰੈਂਟ ਸਕੈਮ ਰਾਹੀਂ ਬਜ਼ੁਰਗਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਸਨ ਕਿ ਉਨ੍ਹਾਂ ਦਾ ਪੋਤਾ ਜਾਂ ਪੋਤੀ ਕਿਸੇ ਗੰਭੀਰ ਹਾਦਸੇ ਜਾਂ ਕਾਨੂੰਨੀ ਮੁਸੀਬਤ ਵਿਚ ਫਸ ਗਿਆ ਹੈ ਅਤੇ ਉਸ ਨੂੰ ਛੁਡਾਉਣ ਲਈ ਤੁਰੰਤ ਗਹਿਣਿਆਂ ਜਾਂ ਨਕਦੀ ਦੀ ਲੋੜ ਹੈ।
ਜਾਂਚ ਮੁਤਾਬਕ ਠੱਗੀ ਦੀ ਸ਼ੁਰੂਆਤ ਇੱਕ ਫ਼ੋਨ ਕਾਲ ਨਾਲ ਹੁੰਦੀ ਸੀ। ਪਹਿਲਾਂ ਇੱਕ ਵਿਅਕਤੀ ਆਪਣੇ ਆਪ ਨੂੰ ਉਸ ਬਜ਼ੁਰਗ ਦਾ ਪੋਤਾ ਜਾਂ ਪੋਤੀ ਦੱਸ ਕੇ ਰੋਂਦਿਆਂ ਮਦਦ ਮੰਗਦਾ ਸੀ। ਇਸ ਤੋਂ ਤੁਰੰਤ ਬਾਅਦ ਦੂਜਾ ਵਿਅਕਤੀ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਜਾਂ ਵਕੀਲ ਦੱਸਦਾ ਹੋਇਆ ਕਹਿੰਦਾ ਸੀ ਕਿ ਜ਼ਮਾਨਤ ਜਾਂ ਅਦਾਲਤੀ ਕਾਰਵਾਈ ਲਈ ਤੁਰੰਤ ਕੀਮਤੀ ਗਹਿਣੇ ਜਾਂ ਨਕਦੀ ਭੇਜਣੀ ਪਵੇਗੀ। ਬਜ਼ੁਰਗਾਂ ਨੂੰ ਇਹ ਵੀ ਕਿਹਾ ਜਾਂਦਾ ਸੀ ਕਿ ਇਸ ਬਾਰੇ ਕਿਸੇ ਪਰਿਵਾਰਕ ਮੈਂਬਰ ਨਾਲ ਗੱਲ ਨਾ ਕੀਤੀ ਜਾਵੇ।
ਪੁਲਿਸ ਅਨੁਸਾਰ ਕੁਝ ਸਮੇਂ ਬਾਅਦ ਗਰੋਹ ਦਾ ਇੱਕ ਮੈਂਬਰ ਬਜ਼ੁਰਗ ਦੇ ਘਰ ਪਹੁੰਚਦਾ ਅਤੇ ਗਹਿਣੇ ਜਾਂ ਨਕਦੀ ਲੈ ਕੇ ਫ਼ਰਾਰ ਹੋ ਜਾਂਦਾ ਸੀ। ਜ਼ਿਆਦਾਤਰ ਪੀੜਤ ਇਕੱਲੇ ਰਹਿੰਦੇ ਬਜ਼ੁਰਗ ਸਨ, ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਮਦਦ ਕਰਨ ਦੀ ਨੀਅਤ ਨਾਲ ਬਿਨਾਂ ਜਾਂਚ-ਪੜਤਾਲ ਕੀਤੇ ਕੀਮਤੀ ਸਾਮਾਨ ਸੌਂਪ ਦਿੱਤਾ।
ਵਿਸਥਾਰਪੂਰਵਕ ਜਾਂਚ ਤੋਂ ਬਾਅਦ ਪੁਲਿਸ ਨੇ ਓਨਟਾਰੀਓ ਦੇ ਇੱਕ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਖ਼ਿਲਾਫ਼ ਧੋਖਾਧੜੀ, ਅਪਰਾਧ ਰਾਹੀਂ ਪ੍ਰਾਪਤ ਸੰਪਤੀ ਆਪਣੇ ਕਬਜ਼ੇ ਵਿਚ ਰੱਖਣ ਅਤੇ ਅਪਰਾਧਿਕ ਸਾਜ਼ਿਸ਼ਾਂ ਸਮੇਤ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਸ ਗਰੋਹ ਨੇ ਵਿਨੀਪੈੱਗ ਤੋਂ ਇਲਾਵਾ ਮੈਨੀਟੋਬਾ ਦੇ ਹੋਰ ਸ਼ਹਿਰਾਂ ਵਿਚ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਇਸ ਲਈ ਹੋਰ ਪੀੜਤਾਂ ਅਤੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਜੋੜੇ ਦੀ ਪਛਾਣ ਅਤੇ ਉਨ੍ਹਾਂ ‘ਤੇ ਲੱਗੇ ਦੋਸ਼ਾਂ ਬਾਰੇ ਵਿਸਥਾਰਿਕ ਜਾਣਕਾਰੀ ਅਜੇ ਜਾਰੀ ਨਹੀਂ ਕੀਤੀ ਗਈ।
ਪੁਲਿਸ ਦੇ ਅੰਕੜਿਆਂ ਅਨੁਸਾਰ, ਸਿਰਫ਼ 2026 ਦੇ ਪਹਿਲੇ ਮਹੀਨਿਆਂ ਦੌਰਾਨ ਹੀ ਮੈਨੀਟੋਬਾ ਵਿਚ ”ਗ੍ਰੈਂਡਪੇਰੈਂਟ ਸਕੈਮ” ਕਾਰਨ ਘੱਟੋ-ਘੱਟ 31,000 ਡਾਲਰ ਦੀ ਠੱਗੀ ਦੀ ਪੁਸ਼ਟੀ ਹੋ ਚੁੱਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਿਰਫ਼ ਸਾਹਮਣੇ ਆਏ ਮਾਮਲੇ ਹਨ, ਜਦਕਿ ਅਸਲ ਨੁਕਸਾਨ ਇਸ ਤੋਂ ਕਾਫ਼ੀ ਵੱਧ ਹੋ ਸਕਦਾ ਹੈ ਕਿਉਂਕਿ ਕਈ ਬਜ਼ੁਰਗ ਸ਼ਰਮ ਜਾਂ ਡਰ ਕਾਰਨ ਸ਼ਿਕਾਇਤ ਹੀ ਦਰਜ ਨਹੀਂ ਕਰਵਾਉਂਦੇ।
ਪੁਲਿਸ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਕੋਈ ਫ਼ੋਨ ਕਰਕੇ ਪਰਿਵਾਰਕ ਮੈਂਬਰ ਦੇ ਮੁਸੀਬਤ ਵਿਚ ਹੋਣ ਦਾ ਦਾਅਵਾ ਕਰੇ ਅਤੇ ਤੁਰੰਤ ਪੈਸੇ ਜਾਂ ਗਹਿਣਿਆਂ ਦੀ ਮੰਗ ਕਰੇ ਤਾਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਸਿੱਧਾ ਸੰਪਰਕ ਕਰਕੇ ਜਾਣਕਾਰੀ ਦੀ ਪੁਸ਼ਟੀ ਕੀਤੀ ਜਾਵੇ। ਪੁਲਿਸ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਵਿਚ ਕੋਈ ਵੀ ਪੁਲਿਸ ਸੇਵਾ ਜਾਂ ਅਦਾਲਤ ਜ਼ਮਾਨਤ ਲਈ ਘਰੋਂ ਨਕਦੀ ਜਾਂ ਗਹਿਣੇ ਇਕੱਠੇ ਕਰਨ ਲਈ ਕਿਸੇ ਕਰਮਚਾਰੀ ਨੂੰ ਨਹੀਂ ਭੇਜਦੀ।
ਵਿਨੀਪੈੱਗ ਦੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗਰੋਹ ਦਾ ਪਰਦਾਫਾਸ਼
