#EUROPE

ਲੰਡਨ ‘ਚ ਪੰਜਾਬਣ ਦੇ ਕਤਲ ਦੀ ਸੁਣਵਾਈ ਅਗਲੇ ਸਾਲ ਅਪ੍ਰੈਲ ਮਹੀਨੇ ਹੋਵੇਗੀ ਸ਼ੁਰੂ

ਲੰਡਨ, 20 ਅਕਤੂਬਰ (ਪੰਜਾਬ ਮੇਲ)- ਪੱਛਮੀ ਲੰਡਨ ਵਿਚ ਪੰਜਾਬੀ ਮੂਲ ਦੀ ਕਿਰਨਦੀਪ ਕੌਰ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ 44 ਸਾਲਾ ਮੁਲਜ਼ਮ ਡੈਨੀਅਲ ਸੀਨ ਜੇਮਜ਼ ਖ਼ਿਲਾਫ਼ ਮੁਕੱਦਮੇ ਦੀ ਸੁਣਵਾਈ ਅਗਲੇ ਸਾਲ 12 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਕਿਰਨਦੀਪ ਦੀ 12 ਜੁਲਾਈ ਨੂੰ ਉਸ ਦੇ ਘਰ ਵਿਚ ਸੌਂਦੇ ਸਮੇਂ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਇਸ ਮਾਮਲੇ ਦੀ ਸੁਣਵਾਈ ਦੌਰਾਨ ਆਇਲਵਰਥ ਕਰਾਊਨ ਕੋਰਟ ਵਿਚ ਦੱਸਿਆ ਗਿਆ ਕਿ ਜੇਮਜ਼ ‘ਤੇ ਹੇਜ਼ ਇਲਾਕੇ ਵਿਚ ਯੂਕਸਬ੍ਰਿਜ ਰੋਡ ਸਥਿਤ ਕਿਰਨਦੀਪ ਦੇ ਘਰ ਵਿਚ ਦਾਖ਼ਲ ਹੋ ਕੇ ਉਸ ‘ਤੇ ਹਮਲਾ ਕਰਨ ਦਾ ਦੋਸ਼ ਹੈ। 24 ਸਾਲਾ ਕਿਰਨਦੀਪ ਦੋ ਸਾਲ ਪਹਿਲਾਂ ਪੰਜਾਬ ਤੋਂ ਬਰਤਾਨੀਆ ਆਈ ਸੀ। ਹਮਲੇ ਸਮੇਂ ਉਹ ਆਪਣੇ ਪਤੀ ਅਤੇ ਤਿੰਨ ਮਹੀਨਿਆਂ ਦੇ ਬੱਚੇ ਨਾਲ ਬਿਸਤਰੇ ‘ਤੇ ਸੁੱਤੀ ਹੋਈ ਸੀ।
ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਜੇਮਜ਼ ਹਾਲੇ ਵੀ ਹਿਰਾਸਤ ਵਿਚ ਹੈ ਅਤੇ ਹੁਣ ਉਹ ਵ੍ਹੀਲਚੇਅਰ ਦੀ ਵਰਤੋਂ ਕਰਦਾ ਹੈ। ਰਿਪੋਰਟ ਮੁਤਾਬਕ ਸਰਕਾਰੀ ਵਕੀਲ ਮੁਕੁਲ ਚਾਵਲਾ ਨੇ ਕਿਹਾ ਕਿ ਘਟਨਾ ਦੇ ਸਮੇਂ ਤੱਕ ਮੁਲਜ਼ਮ ਆਪਣੇ ਪੈਰਾਂ ‘ਤੇ ਤੁਰਨ-ਫਿਰਨ ਦੇ ਸਮਰੱਥ ਸੀ। ਅਗਲੇ ਸਾਲ 12 ਅਪ੍ਰੈਲ ਨੂੰ ਜਿਊਰੀ ਦੀ ਹਾਜ਼ਰੀ ਵਿਚ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਵੇਗੀ ਅਤੇ ਸਬੂਤ ਪੇਸ਼ ਕੀਤੇ ਜਾਣਗੇ।
ਘਟਨਾ ਤੋਂ ਬਾਅਦ ਮੈਟਰੋਪੋਲੀਟਨ ਪੁਲਿਸ ਦੇ ਜਾਸੂਸ ਮੁਖੀ ਆਲਮ ਭੰਗੂ ਨੇ ਕਿਹਾ ਸੀ ਕਿ ਇਸ ਘਟਨਾ ਵਿਚ ਇਕ ਔਰਤ ਦੀ ਮੌਤ ਹੋਈ ਹੈ, ਜਦਕਿ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਕੇ ਹਸਪਤਾਲ ਦਾਖ਼ਲ ਹੋਇਆ ਹੈ। ਉਨ੍ਹਾਂ ਕਿਹਾ ਸੀ ਕਿ ਇਸ ਘਟਨਾ ਕਾਰਨ ਭਾਈਚਾਰੇ ਵਿਚ ਚਿੰਤਾ ਪੈਦਾ ਹੋਣ ਦੀ ਸੰਭਾਵਨਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਲਾਕੇ ਵਿਚ ਪੁਲਿਸ ਦੀ ਮੌਜੂਦਗੀ ਵਧਾਈ ਜਾਵੇਗੀ।
ਹਮਲੇ ਮਗਰੋਂ ਭਾਈਚਾਰਕ ਜਥੇਬੰਦੀਆਂ ਨੇ ਖ਼ਦਸ਼ਾ ਜਤਾਇਆ ਸੀ ਕਿ ਇਹ ਸਿੱਖਾਂ ਵਿਰੁੱਧ ਨਸਲੀ ਹਿੰਸਾ ਹੋ ਸਕਦੀ ਹੈ। ਇਸ ਤੋਂ ਕੁਝ ਹਫ਼ਤੇ ਪਹਿਲਾਂ ਦੱਖਣ-ਪੂਰਬੀ ਇੰਗਲੈਂਡ ਵਿਚ ਇਕ ਨਾਬਾਲਗ ਦੇ ਕਤਲ ਮਾਮਲੇ ਵਿਚ ਬਰਤਾਨਵੀ ਸਿੱਖ ਵਿਕਰਮ ਦਿਗਵਾ ਨੂੰ ਦੋਸ਼ੀ ਠਹਿਰਾਇਆ ਗਿਆ ਸੀ। 23 ਸਾਲਾ ਦਿਗਵਾ ਨੂੰ 18 ਸਾਲਾ ਹੈਨਰੀ ਨੋਵਾਕ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਸਿੱਖ ਨੈੱਟਵਰਕ ਨੇ ਬਰਤਾਨਵੀ ਸੰਸਦ ਵਿਚ ਇਕ ਸਰਵੇਖਣ ਦੇ ਨਤੀਜੇ ਪੇਸ਼ ਕੀਤੇ ਸਨ। ਇਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਦਿਗਵਾ ਦੇ ਕੇਸ ਤੋਂ ਬਾਅਦ ਸਰਵੇਖਣ ਵਿਚ ਸ਼ਾਮਲ 40 ਫ਼ੀਸਦੀ ਲੋਕਾਂ ਨੇ ਸਿੱਖਾਂ ਵਿਰੁੱਧ ਨਸਲੀ ਹਿੰਸਾ ਜਾਂ ਅਜਿਹੀਆਂ ਘਟਨਾਵਾਂ ਦੇਖਣ ਦੀ ਗੱਲ ਕਹੀ ਸੀ।
ਕਿਰਨਦੀਪ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਰਹਿੰਦੇ ਉਸ ਦੇ ਪਰਿਵਾਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਲੰਡਨ ਵਿਚ ਉਸ ਨਾਲ ਅਜਿਹੀ ਘਟਨਾ ਵਾਪਰ ਸਕਦੀ ਹੈ।