#EUROPE

ਲੰਡਨ ‘ਚ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਭਾਰਤੀ ਮੂਲ ਦੇ ਇਮਾਮ ਨੂੰ ਉਮਰਕੈਦ ਦੀ ਸਜ਼ਾ

ਲੰਡਨ, 18 ਮਈ (ਪੰਜਾਬ ਮੇਲ)-ਪੂਰਵੀ ਲੰਡਨ ‘ਚ ਇਕ ਭਾਰਤੀ ਮੂਲ ਦੇ ਇਮਾਮ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਨੇ ਧਾਰਮਿਕ ਆਗੂ ਦੇ ਰੂਪ ‘ਚ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਮਹਿਲਾ ਸ਼ਰਧਾਲੂਆਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਅਬਦੁਲ ਹਲੀਮ ਖਾਨ ਨੂੰ ਸਨੇਅਰਸਬਰੁੱਕ ਕ੍ਰਾਊਨ ਕੋਰਟ ‘ਚ ਸਜ਼ਾ ਸੁਣਾਈ ਗਈ। ਉਸਨੂੰ 2004 ਤੋਂ 2015 ਦੇ ਵਿਚਕਾਰ 7 ਔਰਤਾਂ ਤੇ ਕੁੜੀਆਂ ਖ਼ਿਲਾਫ਼ ਕੀਤੇ ਗਏ 21 ਜਿਨਸੀ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਸੀ। ਜਸਟਿਸ ਲੈਸਲੀ ਕਥਬਰਟ ਨੇ ਆਦੇਸ਼ ਦਿੱਤਾ ਕਿ 54 ਸਾਲਾ ਖਾਨ ਨੂੰ ਪੈਰੋਲ ਲਈ ਪਹਿਲਾਂ ਘੱਟੋ-ਘੱਟ 20 ਸਾਲ ਦੀ ਸਜ਼ਾ ਕੱਟਣੀ ਪਵੇਗੀ। ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਖਾਨ ਨੇ ਅਧਿਆਤਮਕ ਸ਼ਕਤੀਆਂ ਹੋਣ ਦਾ ਝੂਠਾ ਦਾਅਵਾ ਕੀਤਾ ਸੀ ਅਤੇ ਇਨ੍ਹਾਂ ਦਾਅਵਿਆਂ ਦਾ ਇਸਤੇਮਾਲ 12 ਸਾਲ ਤੱਕ ਦੀ ਘੱਟ ਉਮਰ ਦੀਆਂ ਕੁੜੀਆਂ ਨੂੰ ਬਹਿਲਾਉਣ-ਫੁਸਲਾਉਣ ਤੇ ਜਿਨਸੀ ਸ਼ੋਸ਼ਣ ਕਰਨ ਲਈ ਕਰਦਾ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਖਾਨ ਨੇ ਟਾਵਰ ਹੈਮਲੇਟਸ ‘ਚ ਬੰਗਲਾਦੇਸ਼ੀ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਤੇ ਕੁੜੀਆਂ ਨੂੰ ਨਿਸ਼ਾਨਾ ਬਣਾਇਆ, ਕਿਉਂਕਿ ਇਲਾਕੇ ‘ਚ ਉਸਦਾ ਕਾਫ਼ੀ ਪ੍ਰਭਾਵ ਸੀ ਤੇ ਉਸਨੂੰ ਪਤਾ ਸੀ ਕਿ ਪੀੜਤ ਸਮਾਜ ‘ਚ ਬਦਨਾਮੀ ਅਤੇ ਸ਼ਰਮ ਦੇ ਡਰੋਂ ਰਿਪੋਰਟ ਕਰਨ ਤੋਂ ਕਤਰਾਉਣਗੇ। ਜਾਂਚ ਅਨੁਸਾਰ, ਖਾਨ ਨੇ ਪੀੜਤਾਂ ਦਾ ਵਿਸ਼ਵਾਸ ਜਿੱਤਣ ਲਈ ਸਥਾਨਕ ਮਸਜਿਦ ‘ਚ ਇਮਾਮ ਦੇ ਰੂਪ ‘ਚ ਆਪਣੀ ਭੂਮਿਕਾ ਦਾ ਇਸਤੇਮਾਲ ਕੀਤਾ ਤੇ ਫਿਰ ਸੁੰਨਸਾਨ ਥਾਵਾਂ ਜਾਂ ਉਨ੍ਹਾਂ ਦੇ ਘਰਾਂ ‘ਚ ਮੀਟਿੰਗਾਂ ਤੈਅ ਕੀਤੀਆਂ। ਸ਼ੋਸ਼ਣ ਦੌਰਾਨ, ਉਸਨੇ ਝੂਠਾ ਦਾਅਵਾ ਕੀਤਾ ਕਿ ਉਨ੍ਹਾਂ ‘ਤੇ ਜਿੰਨ ਜਾਂ ਕਿਸੇ ਅਲੌਕਿਕ ਆਤਮਾ ਦਾ ਸਾਇਆ ਹੈ।
ਮੈਟਰੋ ਪੁਲਿਸ ਦੀ ਡਿਟੈਕਟਿਵ ਚੀਫ਼ ਇੰਸਪੈਕਟਰ ਜੈਨੀ ਰੋਨਨ ਨੇ ਕਿਹਾ ਕਿ ਅਬਦੁਲ ਖਾਨ ਨੇ ਖੁਦ ਨੂੰ ਇਕ ਸਤਿਕਾਰਤ ਤੇ ਭਰੋਸੇਮੰਦ ਵਿਅਕਤੀ ਦੇ ਰੂਪ ‘ਚ ਪੇਸ਼ ਕੀਤਾ। ਹਾਲਾਂਕਿ, ਇਹ ਸੱਚਾਈ ਤੋਂ ਕੋਹਾਂ ਦੂਰ ਸੀ, ਉਸਨੇ ਇਸਦੀ ਬਜਾਏ ਦੂਜਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਉਨ੍ਹਾਂ ਦਾ ਫਾਇਦਾ ਚੁੱਕਿਆ।
ਕਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀ.ਪੀ.ਐੱਸ.) ਦੀ ਮਾਹਰ ਸਰਕਾਰੀ ਵਕੀਲ ਮੇਲਿਸਾ ਗਾਰਨਰ ਨੇ ਕਿਹਾ ਕਿ ਅਬਦੁਲ ਹਲੀਮ ਖਾਨ ਨੇ ਕਈ ਸਾਲਾਂ ਤੱਕ ਔਰਤਾਂ ਤੇ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਇਕ ਭਰੋਸੇਮੰਦ ਧਾਰਮਿਕ ਆਗੂ ਦੇ ਰੂਪ ‘ਚ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ। ਉਸਨੇ ਆਪਣੀ ਜਿਨਸੀ ਸੰਤੁਸ਼ਟੀ ਲਈ ਉਨ੍ਹਾਂ ਨੂੰ ਆਪਣੇ ਕੰਟਰੋਲ ‘ਚ ਰੱਖਿਆ ਤੇ ਉਨ੍ਹਾਂ ਨਾਲ ਹੇਰਾਫੇਰੀ ਕੀਤੀ।
ਉਨ੍ਹਾਂ ਅੱਗੇ ਕਿਹਾ ਕਿ ਉਸਨੇ ਉਨ੍ਹਾਂ ਦੇ ਡੂੰਘੇ ਧਾਰਮਿਕ ਵਿਸ਼ਵਾਸਾਂ ਦਾ ਇਸਤੇਮਾਲ ਉਨ੍ਹਾਂ ਦੇ ਮਨ ਵਿਚ ਡਰ ਪੈਦਾ ਕਰਨ ਤੇ ਉਨ੍ਹਾਂ ਨੂੰ ਚੁੱਪ ਰੱਖਣ ਲਈ ਕੀਤਾ। ਉਸਨੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਜੇਕਰ ਉਨ੍ਹਾਂ ਨੇ ਮੂੰਹ ਖੋਲ੍ਹਿਆ, ਤਾਂ ਉਨ੍ਹਾਂ ਦੇ ਪਰਿਵਾਰਾਂ ‘ਤੇ ਮੁਸੀਬਤ ਆ ਜਾਵੇਗੀ। ਮੈਨੂੰ ਉਮੀਦ ਹੈ ਕਿ ਇਹ ਕਾਰਵਾਈ ਇਕ ਸਪੱਸ਼ਟ ਸੰਦੇਸ਼ ਦੇਵੇਗੀ ਕਿ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਔਰਤਾਂ ਤੇ ਕੁੜੀਆਂ ਦੀ ਸੁਰੱਖਿਆ ਲਈ ਅਥੱਕ ਕੰਮ ਕਰੇਗੀ ਤੇ ਅਜਿਹੇ ਘਿਨਾਉਣੇ ਅਪਰਾਧ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਿਆਂ ਦੇ ਕਟਹਿਰੇ ‘ਚ ਲਿਆਵੇਗੀ।