ਮਾਸਕੋ, 22 ਅਕਤੂਬਰ (ਪੰਜਾਬ ਮੇਲ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਵਿਚ ਜੰਗ ਸਮਾਪਤ ਕਰਨ ਲਈ ਵਾਸ਼ਿੰਗਟਨ ਅਤੇ ਕੀਵ ਨਾਲ ਤਿੰਨ-ਪੱਖੀ ਗੱਲਬਾਤ ਮੁੜ ਸ਼ੁਰੂ ਕਰਨ ‘ਤੇ ਸਹਿਮਤ ਹੋ ਗਏ। ਕ੍ਰੈਮਲਿਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਤਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਾਕੋਵ ਨੇ ਸੇਂਟ ਪੀਟਰਸਬਰਗ ‘ਚ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਤ ਸਟੀਵ ਵਿਟਕਾਫ਼ ਵਿਚਾਲੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਰੂਸੀ ਨੇਤਾ 10 ਨਵੰਬਰ ਤੋਂ ਬਾਅਦ ਗੱਲਬਾਤ ਮੁੜ ਸ਼ੁਰੂ ਕਰਨ ਲਈ ‘ਸਿਧਾਂਤਕ ਤੌਰ ‘ਤੇ’ ਸਹਿਮਤ ਹੋ ਗਏ ਹਨ। ਉਸ਼ਾਕੋਵ ਨੇ ਕਿਹਾ ਕਿ ਤਿੰਨ-ਪੱਖੀ ਗੱਲਬਾਤ ਦਾ ਕੇਂਦਰ ਸੰਘਰਸ਼ ਸਮਾਪਤ ਹੋਣ ਤੋਂ ਬਾਅਦ ‘ਰੂਸ ਅਤੇ ਯੂਕਰੇਨ ਲਈ ਇਕ ਸੁਰੱਖਿਆ ਵਿਵਸਥਾ ਤਿਆਰ ਕਰਨਾ’ ਹੋਵੇਗਾ।
ਯੂਕਰੇਨ ‘ਤੇ ਰੂਸ ਦੇ ਵਿਆਪਕ ਹਮਲੇ ਨੂੰ ਲੈ ਕੇ ਵਿਟਕੌਫ਼ ਦੀ ਪੁਤਿਨ ਨਾਲ ਗੱਲਬਾਤ ਅਜਿਹੇ ਸਮੇਂ ਹੋਈ, ਜਦੋਂ ਟਰੰਪ ਕੀਵ ‘ਤੇ ਲੜਾਈ ਰੋਕਣ ਲਈ ਸਮਝੌਤਾ ਕਰਨ ਦਾ ਦਬਾਅ ਬਣਾ ਰਹੇ ਹਨ। ਗੱਲਬਾਤ ਸ਼ੁਰੂ ਹੋਣ ‘ਤੇ ਪੁਤਿਨ ਨੇ ਜੰਗ ਖਤਮ ਕਰਨ ਦੇ ਯਤਨਾਂ ਲਈ ਟਰੰਪ ਅਤੇ ਵਿਟਕੌਫ਼ ਦਾ ਧੰਨਵਾਦ ਕੀਤਾ। ਕ੍ਰੈਮਲਿਨ ਨੇ ਦੱਸਿਆ ਕਿ ਗੱਲਬਾਤ ਲੱਗਭਗ ਤਿੰਨ ਘੰਟੇ ਚੱਲੀ। ਵਿਟਕੌਫ਼ ਦਾ ਇਹ ਦੌਰਾ ਨਾਰਵੇ ਦੀ ਰਾਜਧਾਨੀ ਓਸਲੋ ਵਿਚ ਮੰਗਲਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਤੇ ਯੂਰਪ ਦੇ ਕੁਝ ਨੇਤਾਵਾਂ ਨਾਲ ਉਨ੍ਹਾਂ ਦੀ ਮੀਟਿੰਗ ਤੋਂ ਇਕ ਦਿਨ ਬਾਅਦ ਹੋਇਆ। ਵਿਟਕੌਫ਼ ਦੀਆਂ ਇਨ੍ਹਾਂ ਮੀਟਿੰਗਾਂ ਤੋਂ ਸੰਕੇਤ ਮਿਲਿਆ ਕਿ ਰੂਸ ਦੀ ਫ਼ੌਜ ਵੱਲੋਂ ਵਿਆਪਕ ਹਮਲਾ ਸ਼ੁਰੂ ਕੀਤੇ ਜਾਣ ਦੇ ਸਾਢੇ ਚਾਰ ਸਾਲ ਤੋਂ ਵੱਧ ਸਮੇਂ ਬਾਅਦ ਨੇਤਾ ਅਮਰੀਕਾ ਦੀ ਅਗਵਾਈ ਵਿਚ ਜਾਰੀ ਸ਼ਾਂਤੀ ਯਤਨਾਂ ਨੂੰ ਨਵੀਂ ਗਤੀ ਦੇਣ ਦੇ ਇੱਛੁਕ ਹਨ।
ਰੂਸੀ ਰਾਸ਼ਟਰਪਤੀ ਯੂਕਰੇਨ ‘ਚ ਜੰਗ ਸਮਾਪਤ ਕਰਨ ਲਈ ਤਿੰਨ ਪੱਖੀ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ

