#EUROPE

ਯੂ.ਕੇ. ‘ਚ ਸਥਾਈ ਨਿਵਾਸ ਲਈ ਨਵੇਂ ਇਮੀਗ੍ਰੇਸ਼ਨ ਨਿਯਮ

ਲੰਡਨ, 4 ਨਵੰਬਰ (ਪੰਜਾਬ ਮੇਲ)- ਬ੍ਰਿਟੇਨ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਮੂਦ ਨੇ ਸੋਮਵਾਰ, 2 ਨਵੰਬਰ ਨੂੰ ਕਾਨੂੰਨੀ ਪ੍ਰਵਾਸੀਆਂ ਲਈ ਸਥਾਈ ਨਿਵਾਸ ਦੇ ਨਿਯਮਾਂ ਵਿਚ ਵੱਡੇ ਬਦਲਾਅ ਦਾ ਐਲਾਨ ਕੀਤਾ। ਨਵੀਂ ”ਅਰਨਡ ਸੈਟਲਮੈਂਟ” ਪ੍ਰਣਾਲੀ ਤਹਿਤ ਹੁਣ ਜ਼ਿਆਦਾਤਰ ਲੋਕਾਂ ਨੂੰ ਪੰਜ ਸਾਲ ਦੀ ਬਜਾਏ ਦਸ ਸਾਲ ਉਡੀਕ ਕਰਨੀ ਪਵੇਗੀ। ਸਰਕਾਰ ਦਾ ਕਹਿਣਾ ਹੈ ਕਿ ਬ੍ਰਿਟੇਨ ਵਿਚ ਸਥਾਈ ਤੌਰ ‘ਤੇ ਰਹਿਣ ਦਾ ਹੱਕ ਹੁਣ ਆਪਣੇ ਆਪ ਨਹੀਂ ਮਿਲੇਗਾ, ਸਗੋਂ ਯੋਗਦਾਨ ਅਤੇ ਚੰਗੇ ਚਾਲ-ਚਲਣ ਦੇ ਆਧਾਰ ‘ਤੇ ਕਮਾਉਣਾ ਪਵੇਗਾ।
ਸਭ ਤੋਂ ਵੱਧ ਕਮਾਈ ਕਰਨ ਵਾਲੇ ਕੁਝ ਲੋਕ ਤਿੰਨ ਸਾਲਾਂ ਵਿਚ ਸੈਟਲਮੈਂਟ ਲਈ ਯੋਗ ਹੋ ਸਕਣਗੇ। ਸਾਲਾਨਾ 50,271 ਪੌਂਡ ਤੋਂ ਵੱਧ ਕਮਾਉਣ ਵਾਲੇ ਅਤੇ ਡਾਕਟਰਾਂ, ਨਰਸਾਂ ਤੇ ਅਧਿਆਪਕਾਂ ਵਰਗੇ ਕੁਝ ਜਨਤਕ ਸੇਵਾ ਕਰਮਚਾਰੀ ਪੰਜ ਸਾਲਾਂ ਬਾਅਦ ਅਰਜ਼ੀ ਦੇ ਸਕਣਗੇ। ਹੋਰ ਬਹੁਤੇ ਪ੍ਰਵਾਸੀਆਂ ਲਈ ਦਸ ਸਾਲ ਦਾ ਰਸਤਾ ਹੋਵੇਗਾ। ਇਮੀਗ੍ਰੇਸ਼ਨ ਨਿਯਮ ਤੋੜਨ ਵਾਲਿਆਂ ਨੂੰ ਘੱਟੋ-ਘੱਟ ਵੀਹ ਸਾਲ ਉਡੀਕਣੀ ਪੈ ਸਕਦੀ ਹੈ।
ਕੇਅਰ ਵਰਕਰਾਂ ਲਈ ਪਹਿਲਾਂ ਪ੍ਰਸਤਾਵਿਤ ਪੰਦਰਾਂ ਸਾਲਾਂ ਦੀ ਉਡੀਕ ਘਟਾਈ ਗਈ ਹੈ। ਵੀਜ਼ਾ ਸ਼ਰਤਾਂ ਪੂਰੀਆਂ ਕਰਨ ਅਤੇ ਸਾਲਾਨਾ ਘੱਟੋ-ਘੱਟ 25,000 ਪੌਂਡ ਕਮਾਉਣ ਵਾਲੇ ਕੇਅਰ ਵਰਕਰ ਪੰਜ ਸਾਲਾਂ ਬਾਅਦ ਸਥਾਈ ਨਿਵਾਸ ਮੰਗ ਸਕਦੇ ਹਨ। ਜਿਹੜੇ ਇਸ ਸ਼ਰਤ ‘ਤੇ ਖਰੇ ਨਹੀਂ ਉਤਰਦੇ, ਉਨ੍ਹਾਂ ਨੂੰ ਹੋਰ ਪੰਜ ਸਾਲ ਦਾ ਵੀਜ਼ਾ ਲੈ ਕੇ ਕੰਮ ਜਾਰੀ ਰੱਖਣ ਦਾ ਮੌਕਾ ਮਿਲੇਗਾ।
ਅਰਜ਼ੀਕਾਰਾਂ ਲਈ ਸਾਫ਼ ਅਪਰਾਧਿਕ ਰਿਕਾਰਡ, ਉੱਚ ਪੱਧਰ ਦੀ ਅੰਗਰੇਜ਼ੀ, ਸਰਕਾਰ ਦਾ ਕੋਈ ਕਰਜ਼ਾ ਨਾ ਹੋਣਾ ਅਤੇ ਨੈਸ਼ਨਲ ਇੰਸ਼ੋਰੈਂਸ ਵਿਚ ਲਗਾਤਾਰ ਯੋਗਦਾਨ ਲਾਜ਼ਮੀ ਹੋਵੇਗਾ। ਸਰਕਾਰ ਮੁਤਾਬਕ ਪੰਜ ਲੱਖ ਤੋਂ ਵੱਧ ਲੋਕਾਂ ਨੂੰ ਪੰਜ ਸਾਲ ਤੋਂ ਜ਼ਿਆਦਾ ਉਡੀਕ ਕਰਨੀ ਪਵੇਗੀ, ਪਰ ਕਿਸੇ ਨੂੰ ਸਿਰਫ਼ ਇਨ੍ਹਾਂ ਬਦਲਾਵਾਂ ਕਾਰਨ ਦੇਸ਼ ਛੱਡਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਮਨਜ਼ੂਰਸ਼ੁਦਾ ਰਸਤੇ ਵਾਲੇ ਸ਼ਰਨਾਰਥੀ ਪੰਜ ਸਾਲਾਂ ਬਾਅਦ ਯੋਗ ਹੋਣਗੇ; ਹੋਰਾਂ ਨੂੰ ਵੀਹ ਸਾਲ ਅਤੇ ਛੋਟੀ ਕਿਸ਼ਤੀ ਵਾਲਿਆਂ ਨੂੰ ਤੀਹ ਸਾਲ ਉਡੀਕਣੀ ਪੈ ਸਕਦੀ ਹੈ।