ਅੰਮ੍ਰਿਤਸਰ , 26 ਜੁਲਾਈ (ਪੰਜਾਬ ਮੇਲ)- ਅੰਮ੍ਰਿਤਸਰ ’ਚ ਬਰਸਾਤੀ ਮੌਸਮ ਕਾਰਨ ਜ਼ਹਿਰੀਲੇ ਸੱਪਾਂ ਦਾ ਖ਼ਤਰਾ ਬਹੁਤ ਵਧ ਗਿਆ ਹੈ। ਪਿਛਲੇ ਕਰੀਬ ਇਕ ਮਹੀਨੇ ’ਚ ਹੀ 55 ਲੋਕ ਸੱਪ ਦੇ ਡੰਗਣ ਦਾ ਸ਼ਿਕਾਰ ਹੋ ਕੇ ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖ਼ਲ ਹੋ ਚੁੱਕੇ ਹਨ। ਇਹ ਅੰਕੜਾ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ’ਚ ਫੈਲ ਰਹੇ ਖ਼ਤਰੇ ਦੀ ਪ੍ਰਤੱਖ ਤਸਵੀਰ ਹੈ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਹਸਪਤਾਲ ’ਚ ਡਾਕਟਰ ਨਿਰੰਤਰ ਅਲਰਟ ’ਤੇ ਹਨ। ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਥੋੜ੍ਹੀ ਜਿਹੀ ਵੀ ਲਾਪ੍ਰਵਾਹੀ ਜਾਨਲੇਵਾ ਸਾਬਿਤ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਬਾਰਿਸ਼ ਕਾਰਨ ਖੁੱਡਾਂ ’ਚ ਪਾਣੀ ਭਰਨ ਕਰਕੇ ਸੱਪ ਬਾਹਰ ਨਿਕਲ ਕੇ ਰਿਹਾਇਸ਼ੀ ਇਲਾਕਿਆਂ, ਨੀਵੇਂ ਇਲਾਕਿਆਂ, ਖਾਲੀ ਪਲਾਟਾਂ ਅਤੇ ਨਮੀ ਵਾਲੀਆਂ ਥਾਵਾਂ ਵੱਲ ਆ ਰਹੇ ਹਨ। ਇਸ ਵਾਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ’ਚ ਆਉਣ ਵਾਲੇ ਹਰ ਮਰੀਜ਼ ਦਾ ਪਹਿਲ ਦੇ ਆਧਾਰ ’ਤੇ ਤੁਰੰਤ ਇਲਾਜ ਕੀਤਾ ਜਾ ਰਿਹਾ ਹੈ। ਬਰਸਾਤ ਦੇ ਦਿਨਾਂ ’ਚ ਸੱਪ ਡੰਗਣ ਦੇ ਮਾਮਲੇ ਤੇਜ਼ੀ ਨਾਲ ਵਧਦੇ ਹਨ, ਜਿਸ ਲਈ ਹਸਪਤਾਲ ਕੋਲ ‘ਐਂਟੀ-ਸਨੇਕ ਵੇਨਮ’ ਦੇ ਟੀਕੇ ਪੂਰੀ ਮਾਤਰਾ ’ਚ ਉਪਲਬਧ ਹਨ। ਨਿੱਜੀ ਹਸਪਤਾਲਾਂ ’ਚ ਇਹ ਇਲਾਜ ਬਹੁਤ ਮਹਿੰਗਾ ਹੈ, ਜਦਕਿ ਸਰਕਾਰੀ ਹਸਪਤਾਲ ’ਚ ਇਹ ਬਿਲਕੁਲ ਮੁਫ਼ਤ ਦਿੱਤਾ ਜਾ ਰਿਹਾ ਹੈ।
ਮ੍ਰਿਤਸਰ ’ਚ ਸੱਪਾਂ ਦਾ ਕਹਿਰ: 55 ਮਰੀਜ਼ ਹਸਪਤਾਲ ਦੀ ਐਮਰਜੈਂਸੀ ‘ਚ ਦਾਖ਼ਲ

