ਚੰਡੀਗੜ੍ਹ, 10 ਜੁਲਾਈ (ਪੰਜਾਬ ਮੇਲ)- ਚੰਡੀਗੜ੍ਹ ਦੀ ਸੀ.ਬੀ.ਆਈ. ਅਦਾਲਤ ਨੇ ਅੱਜ ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਸਾਥੀ ਕ੍ਰਿਸ਼ਾਨੂੰ ਸ਼ਾਰਦਾ ਖ਼ਿਲਾਫ਼ ਪਿਛਲੇ ਸਾਲ ਦਰਜ ਹੋਏ ਰਿਸ਼ਵਤਖੋਰੀ ਦੇ ਇਕ ਮਾਮਲੇ ‘ਚ ਦੋਸ਼ ਤੈਅ ਕੀਤੇ ਹਨ।
ਇਸ ਮਾਮਲੇ ‘ਚ ਐੱਫ਼.ਆਈ.ਆਰ. ਆਕਾਸ਼ ਬੱਟਾ ਨਾਮ ਦੇ ਇਕ ਵਿਅਕਤੀ ਦੀ ਸ਼ਿਕਾਇਤ ‘ਤੇ ਦਰਜ ਕੀਤੀ ਗਈ ਸੀ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਸੀ ਕਿ ਭੁੱਲਰ, ਜੋ ਉਸ ਸਮੇਂ ਪੰਜਾਬ ਪੁਲਿਸ ‘ਚ ਰੋਪੜ ਰੇਂਜ ਦੇ ਡੀ.ਆਈ.ਜੀ. ਵਜੋਂ ਤਾਇਨਾਤ ਸਨ, ਉਨ੍ਹਾਂ ਨੇ ਥਾਣਾ ਸਰਹਿੰਦ ‘ਚ ਦਰਜ ਇਕ ਐੱਫ.ਆਈ.ਆਰ. ‘ਚ ਪੱਖ ਪੂਰਨ ਅਤੇ ਸ਼ਿਕਾਇਤਕਰਤਾ ਦੇ ਕਾਰੋਬਾਰ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਾ ਹੋਣ ਦੇਣ ਦੇ ਬਦਲੇ ਆਪਣੇ ਇਕ ਨਿੱਜੀ ਸਾਥੀ ਕ੍ਰਿਸ਼ਾਨੂੰ ਸ਼ਾਰਦਾ ਰਾਹੀਂ ਨਾਜਾਇਜ਼ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਸੀ.ਬੀ.ਆਈ. ਵੱਲੋਂ ਜਾਲ ਵਿਛਾਇਆ ਗਿਆ ਅਤੇ ਭੁੱਲਰ ਦੇ ਕਥਿਤ ਸਾਥੀ ਕ੍ਰਿਸ਼ਾਨੂੰ ਸ਼ਾਰਦਾ ਨੂੰ 16 ਅਕਤੂਬਰ 2025 ਨੂੰ ਸ਼ਿਕਾਇਤ ਕਰਤਾ ਤੋਂ ਮੰਗੀ ਗਈ ਰਿਸ਼ਵਤ ਦੇ ਹਿੱਸੇ ਵਜੋਂ 5,00,000 ਰੁਪਏ ਸਵੀਕਾਰ ਕਰਦੇ ਹੋਏ ਪਹਿਲਾਂ ਕਾਬੂ ਕੀਤਾ ਗਿਆ। ਡੀ.ਆਈ.ਜੀ. ਭੁੱਲਰ ਨੂੰ ਵੀ ਉਸੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਇਸ ਮਾਮਲੇ ਵਿਚ ਬੀ.ਐੱਨ.ਐੱਸ.ਐੱਸ. ਦੀ ਧਾਰਾ 193 ਤਹਿਤ ਦਸੰਬਰ 2025 ‘ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
ਅਦਾਲਤ ‘ਚ ਸੁਣਵਾਈ ਦੌਰਾਨ ਮੁਲਜ਼ਮਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਸੀ.ਬੀ.ਆਈ. ਕੋਲ ਇਹ ਕੇਸ ਦਰਜ ਕਰਨ ਦਾ ਅਧਿਕਾਰ ਨਹੀਂ ਹੈ, ਜਦਕਿ ਦੂਜੇ ਪਾਸੇ ਸੀ.ਬੀ.ਆਈ. ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਨੇ ਦੋਸ਼ ਤੈਅ ਕਰਨ ਦੇ ਪੱਖ ‘ਚ ਜ਼ੋਰਦਾਰ ਦਲੀਲਾਂ ਪੇਸ਼ ਕੀਤੀਆਂ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ। ਇਹ ਦੋਸ਼ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 61 (2) ਅਤੇ ਭ੍ਰਿਸ਼ਟਾਚਾਰ ਰੋਕੂ ਐਕਟ 1988 ਦੀਆਂ ਧਾਰਾਵਾਂ 7 ਅਤੇ 12 ਤਹਿਤ ਸਜ਼ਾਯੋਗ ਅਪਰਾਧਾਂ ਲਈ ਤੈਅ ਕੀਤੇ ਗਏ ਹਨ। ਇਸ ਮਾਮਲੇ ਦਾ ਟਰਾਇਲ (ਅਦਾਲਤੀ ਕਾਰਵਾਈ) 23 ਜੁਲਾਈ ਤੋਂ ਸ਼ੁਰੂ ਹੋਵੇਗਾ।
ਮੁਅੱਤਲ ਡੀ.ਆਈ.ਜੀ. ਭੁੱਲਰ ਮਾਮਲੇ ‘ਚ ਸੀ.ਬੀ.ਆਈ. ਅਦਾਲਤ ਵੱਲੋਂ ਦੋਸ਼ ਤੈਅ

