-ਅਨਿਕਾ ਜਮਾਲ ਇਕਬਾਲ ਪਾਕਿਸਤਾਨ ਦੀ ਨੁਮਾਇੰਦਗੀ ਕਰੇਗੀ
ਲਾਹੌਰ, 18 ਜੁਲਾਈ (ਪੰਜਾਬ ਮੇਲ)-ਮਿਸ ਵਰਲਡ ਮੁਕਾਬਲੇ ਦੇ 73 ਸਾਲਾਂ ਦੇ ਇਤਿਹਾਸ ਵਿਚ ਪਾਕਿਸਤਾਨ ਪਹਿਲੀ ਵਾਰ ਅਧਿਕਾਰਤ ਤੌਰ ‘ਤੇ ਹਿੱਸਾ ਲੈਣ ਜਾ ਰਿਹਾ ਹੈ। ਵੀਅਤਨਾਮ ਵਿਚ ਹੋਣ ਵਾਲੇ ਮਿਸ ਵਰਲਡ ਫੈਸਟੀਵਲ ਦੇ 75ਵੇਂ ਵਰ੍ਹੇਗੰਢ ਐਡੀਸ਼ਨ ਵਿਚ 24 ਸਾਲਾ ਅਨਿਕਾ ਜਮਾਲ ਇਕਬਾਲ ਪਾਕਿਸਤਾਨ ਦੀ ਨੁਮਾਇੰਦਗੀ ਕਰੇਗੀ। ਅਨਿਕਾ ਨੂੰ ਹਾਲ ਹੀ ਵਿਚ ਲਾਹੌਰ ਵਿਚ ਇੱਕ ਸਮਾਰੋਹ ਦੌਰਾਨ ‘ਮਿਸ ਵਰਲਡ ਪਾਕਿਸਤਾਨ 2026’ ਦਾ ਤਾਜ ਪਹਿਨਾਇਆ ਗਿਆ ਹੈ।
ਇਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਮਾਡਲਿੰਗ ਇਸਲਾਮੀ ਗਣਰਾਜ ਪਾਕਿਸਤਾਨ ਵਿਚ ਕੁੜੀਆਂ ਲਈ ਇੱਕ ਮੁਸ਼ਕਲ ਕੰਮ ਰਿਹਾ ਹੈ। ਫੈਸ਼ਨ ਸ਼ੋਅ ਅਤੇ ਇਸ ਤਰ੍ਹਾਂ ਦੇ ਸਮਾਗਮਾਂ ਨੂੰ ਅਕਸਰ ਸੱਜੇ-ਪੱਖੀ ਸਮੂਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੁਕਾਬਲੇ ਵਿਚ ਅਨਿਕਾ ਦੀ ਭਾਗੀਦਾਰੀ ਇਸਲਾਮੀ ਕੱਟੜਪੰਥੀਆਂ ਨੂੰ ਨਾਰਾਜ਼ ਕਰ ਸਕਦੀ ਹੈ।
ਦੱਸ ਦੇਈਏ ਕਿ ਅਨਿਕਾ ਇਸ ਸਮੇਂ ਅਕਾਊਂਟਿੰਗ ਅਤੇ ਆਡਿਟਿੰਗ ਵਿਚ ਮਾਸਟਰਜ਼ ਦੀ ਡਿਗਰੀ ਕਰ ਰਹੀ ਹੈ। ਹਾਲਾਂਕਿ ਉਹ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲਿਆਂ ਲਈ ਨਵੀਂ ਨਹੀਂ ਹੈ। ਉਹ ਪਹਿਲਾਂ ਵੀ ‘ਮਿਸ ਅਰਥ’, ‘ਮਿਸ ਗਲੋਬਲ’, ‘ਮਿਸ ਕਾਸਮੋ’, ‘ਮਿਸ ਈਕੋ ਇੰਟਰਨੈਸ਼ਨਲ’ ਅਤੇ ‘ਮਿਸ ਔਰਾ ਇੰਟਰਨੈਸ਼ਨਲ’ ਵਿਚ ਪਾਕਿਸਤਾਨ ਦੀ ਨੁਮਾਇੰਦਗੀ ਕਰ ਚੁੱਕੀ ਹੈ। ਉਸ ਨੂੰ ਅੰਤਰਰਾਸ਼ਟਰੀ ਪਛਾਣ ਕੋਸੋਵੋ ਵਿਚ ਹੋਏ ‘ਮਿਸ ਫ੍ਰੀਡਮ ਆਫ ਦਿ ਵਰਲਡ’ ਮੁਕਾਬਲੇ ਵਿਚ 4 ਖਿਤਾਬ ਜਿੱਤਣ ਤੋਂ ਬਾਅਦ ਮਿਲੀ ਸੀ।
ਪਾਕਿਸਤਾਨੀ ਪ੍ਰਤੀਯੋਗੀ ਨੇ ਪਿਛਲੇ ਸਾਲਾਂ ਦੌਰਾਨ ਕਈ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲਿਆਂ ਵਿਚ ਦੇਸ਼ ਦੀ ਨੁਮਾਇੰਦਗੀ ਕੀਤੀ ਹੈ, ਪਰ ਇਹ ਮਿਸ ਵਰਲਡ ਵਿਚ ਦੇਸ਼ ਦੀ ਪਹਿਲੀ ਅਧਿਕਾਰਤ ਹਾਜ਼ਰੀ ਹੋਵੇਗੀ। ਅਨਿਕਾ ਦਾ ਕਹਿਣਾ ਹੈ ਕਿ ਮਿਸ ਵਰਲਡ ਵਿਚ ਪਾਕਿਸਤਾਨ ਦੀ ਨੁਮਾਇੰਦਗੀ ਕਰਨਾ ਉਸ ਲਈ ਸਨਮਾਨ ਦੀ ਗੱਲ ਹੈ।
ਮਿਸ ਵਰਲਡ ਮੁਕਾਬਲੇ ਦੇ 73 ਸਾਲਾ ਇਤਿਹਾਸ ‘ਚ ਪਾਕਿਸਤਾਨ ਪਹਿਲੀ ਵਾਰ ਅਧਿਕਾਰਤ ਤੌਰ ‘ਤੇ ਲਵੇਗਾ ਹਿੱਸਾ!

