– ਦੂਜੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ
– ਅੰਡਰਗਰਾਊਂਡ ਪਾਰਕਿੰਗਾਂ ਵਿਚੋਂ ਚੋਰੀ ਕਰਦੇ ਸਨ ਵਾਹਨ
ਵਿਨੀਪੈੱਗ, 8 ਜੁਲਾਈ (ਪੰਜਾਬ ਮੇਲ)- ਪੀਲ ਰਿਜਨਲ ਪੁਲਿਸ ਨੇ ਮਿਸੀਸਾਗਾ ‘ਚ ਰਿਹਾਇਸ਼ੀ ਇਮਾਰਤਾਂ ਦੇ ਅੰਡਰਗਰਾਊਂਡ ਪਾਰਕਿੰਗ ਗਰਾਜਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਕਥਿਤ ਵਾਹਨ ਚੋਰ ਗਰੋਹ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਜੇ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਕੁੱਲ 44 ਅਪਰਾਧਿਕ ਕੇਸ ਦਰਜ ਕੀਤੇ ਹਨ।
ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਮਈ 2026 ਦੌਰਾਨ ਮਿਸੀਸਾਗਾ ਦੇ ਹੁਰਾਂਟਾਰੀਓ ਸਟਰੀਟ ਅਤੇ ਬਰਨਹੈਮਥੋਰਪ ਰੋਡ ਈਸਟ ਇਲਾਕੇ ਵਿਚ ਸਥਿਤ ਕਈ ਉੱਚੀਆਂ ਰਿਹਾਇਸ਼ੀ ਇਮਾਰਤਾਂ ਦੀਆਂ ਅੰਡਰਗਰਾਊਂਡ ਪਾਰਕਿੰਗ ਵਿਚ ਵਾਹਨ ਚੋਰੀਆਂ ਅਤੇ ਚੋਰੀ ਦੀਆਂ ਕੋਸ਼ਿਸ਼ਾਂ ਦੀ ਲੜੀ ਸਾਹਮਣੇ ਆਈ ਸੀ। ਵਧ ਰਹੀਆਂ ਘਟਨਾਵਾਂ ਤੋਂ ਬਾਅਦ ਪੀਲ੍ਹ ਪੁਲਿਸ ਦੇ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਨੇ ”ਪ੍ਰੋਜੈਕਟ ਟੇਲ ਲਾਈਟ” ਨਾਮੀ ਵਿਸ਼ੇਸ਼ ਜਾਂਚ ਸ਼ੁਰੂ ਕੀਤੀ।
ਜਾਂਚ ਦੌਰਾਨ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ, ਆਟੋਮੇਟਿਡ ਲਾਇਸੈਂਸ ਪਲੇਟ ਰਿਕੋਗਨੀਸ਼ਨ ਤਕਨਾਲੋਜੀ, ਡਿਜੀਟਲ ਸਬੂਤਾਂ ਅਤੇ ਹੋਰ ਖ਼ੁਫ਼ੀਆ ਜਾਣਕਾਰੀ ਦੀ ਮਦਦ ਨਾਲ ਦੋ ਸ਼ੱਕੀਆਂ ਦੀ ਪਛਾਣ ਕੀਤੀ। ਪੁਲਿਸ ਦਾ ਦਾਅਵਾ ਹੈ ਕਿ ਦੋਵੇਂ ਮੁਲਜ਼ਮ ਯੋਜਨਾਬੱਧ ਢੰਗ ਨਾਲ ਪਾਰਕਿੰਗ ਗਰਾਜਾਂ ਵਿਚ ਦਾਖ਼ਲ ਹੋ ਕੇ ਵਾਹਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਅਤੇ ਉਨ੍ਹਾਂ ਦੀਆਂ ਸੁਰੱਖਿਆ ਪ੍ਰਣਾਲੀਆਂ ਨੂੰ ਬਾਈਪਾਸ ਕਰਨ ਲਈ ਖ਼ਾਸ ਇਲੈੱਕਟ੍ਰਾਨਿਕ ਸਾਜ਼ੋ-ਸਾਮਾਨ ਦੀ ਵਰਤੋਂ ਕਰਦੇ ਸਨ।
ਜਾਂਚ ਦੇ ਅਗਲੇ ਪੜਾਅ ਵਿਚ ਮਿਸੀਸਾਗਾ ਅਤੇ ਏਰਿਨ (ਓਨਟਾਰੀਓ) ਵਿਚ ਤਲਾਸ਼ੀ ਵਾਰੰਟ ਲਾਗੂ ਕੀਤੇ ਗਏ। ਇਨ੍ਹਾਂ ਛਾਪਿਆਂ ਦੌਰਾਨ ਪੁਲਿਸ ਨੇ ਕਈ ਮੋਬਾਈਲ ਫ਼ੋਨ, ਵਾਹਨਾਂ ਦੀਆਂ ਚਾਬੀਆਂ, ਚਾਬੀਆਂ ਨੂੰ ਪ੍ਰੋਗਰਾਮ ਕਰਨ ਵਾਲੇ ਇਲੈੱਕਟ੍ਰਾਨਿਕ ਉਪਕਰਨ, ਵਾਹਨਾਂ ਨਾਲ ਸਬੰਧਿਤ ਦਸਤਾਵੇਜ਼ ਅਤੇ 1,465 ਡਾਲਰ ਦੀ ਨਕਦੀ ਬਰਾਮਦ ਕੀਤੀ।
ਪੁਲਿਸ ਨੇ ਮਿਸੀਸਾਗਾ ਦੇ 21 ਸਾਲਾ ਪ੍ਰਿੰਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖ਼ਿਲਾਫ਼ 22 ਦੋਸ਼ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ ਸੱਤ ਵਾਹਨ ਚੋਰੀਆਂ, ਚੋਰੀ ਲਈ ਵਰਤੇ ਜਾਣ ਵਾਲੇ ਸੰਦ ਰੱਖਣਾ, 5,000 ਡਾਲਰ ਤੋਂ ਵੱਧ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ, ਧੋਖਾਧੜੀ ਅਤੇ ਅਪਰਾਧ ਤੋਂ ਪ੍ਰਾਪਤ ਸੰਪਤੀ ਰੱਖਣ ਵਰਗੇ ਗੰਭੀਰ ਦੋਸ਼ ਸ਼ਾਮਲ ਹਨ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਬਰੈਂਪਟਨ ਦੀ ਅਦਾਲਤ ਵਿਚ ਜ਼ਮਾਨਤ ਸੁਣਵਾਈ ਲਈ ਪੇਸ਼ ਕੀਤਾ ਗਿਆ।
ਇਸੇ ਮਾਮਲੇ ਵਿਚ ਮਿਸੀਸਾਗਾ ਦੇ 23 ਸਾਲਾ ਗੁਰਜੀਤ ਸਿੰਘ ਵਿਰਕ ਖ਼ਿਲਾਫ਼ ਵੀ 22 ਦੋਸ਼ਾਂ ਸਬੰਧੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਪੁਲਿਸ ਨੇ ਉਸ ਨੂੰ ਖ਼ੁਦ ਅੱਗੇ ਆ ਕੇ ਨਜ਼ਦੀਕੀ ਪੁਲਿਸ ਥਾਣੇ ਵਿਚ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਵਿਰਕ ਮਾਮਲੇ ਦਾ ਅਹਿਮ ਸ਼ੱਕੀ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਨਾਲ ਹੋਰ ਜਾਣਕਾਰੀ ਸਾਹਮਣੇ ਆ ਸਕਦੀ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਗੁਰਜੀਤ ਸਿੰਘ ਵਿਰਕ ਜਾਂ ਇਸ ਮਾਮਲੇ ਨਾਲ ਸਬੰਧਿਤ ਕੋਈ ਜਾਣਕਾਰੀ ਹੋਵੇ, ਤਾਂ ਉਹ ਜਾਂਚ ਅਧਿਕਾਰੀਆਂ ਨਾਲ ਸੰਪਰਕ ਕਰਨ।
ਮਿਸੀਸਾਗਾ ‘ਚ ਵਾਹਨ ਚੋਰੀ ਕਰਨ ਦੇ ਦੋਸ਼ ਹੇਠ 1 ਪੰਜਾਬੀ ਵਿਅਕਤੀ ਕਾਬੂ

