#PUNJAB

ਭੱਖਿਆ LPU ਦਾ ਮਾਮਲਾ; ਨੈਸ਼ਨਲ ਹਾਈਵੇਅ ਜਾਮ, 3 ਜ਼ਿਲ੍ਹਿਆਂ ਦੀ ਪੁਲਸ ਤਾਇਨਾਤ

ਜਲੰਧਰ, 27 ਸਤੰਬਰ (ਪੰਜਾਬ ਮੇਲ) – ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਂਪਸ ‘ਚ ਦੇਰ ਰਾਤ ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੀਆਂ ਜਾਣਕਾਰੀਆਂ ਮੁਤਾਬਕ ਗਰਲਜ਼ ਹੋਸਟਲ ਨਾਲ ਜੁੜੀ ਇਕ ਕਥਿਤ ਘਟਨਾ ਨੂੰ ਲੈ ਕੇ ਵਿਦਿਆਰਥੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਇਹ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ।  ਇਥੇ ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਕੀਤੇ ਜਾ ਰਹੇ ਕੁਝ ਦਾਅਵਿਆਂ ‘ਚ ਇਕ ਵਿਦਿਆਰਥਣ ਨਾਲ ਕਥਿਤ ਜਬਰ-ਜਿਨਾਹ ਅਤੇ ਇਸ ਤੋਂ ਬਾਅਦ ਉਸ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਕੁਝ ਸੋਸ਼ਲ ਮੀਡੀਆ ਪੋਸਟਾਂ ‘ਚ ਇਸ ਮਾਮਲੇ ਸਬੰਧੀ ਇਕ ਵਰਕਰ ‘ਤੇ ਵੀ ਇਲਜ਼ਾਮ ਲਗਾਏ ਗਏ ਹਨ। ਹਾਲਾਂਕਿ ਇਨ੍ਹਾਂ ਦਾਅਵਿਆਂ ‘ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਬਿਆਨ ਜਾਰੀ ਕਰਕੇ ਇਸ ਘਟਨਾ ਨੂੰ ਪੂਰੀ ਤਰ੍ਹਾਂ ਅਫ਼ਵਾਹ ਦੱਸਿਆ ਹੈ। ਉਥੇ ਹੀ ਇਨਸਾਫ਼ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਨੇ ਹੱਥਾਂ ‘ਚ ਤਖ਼ਤੀਆਂ ਫੜ ਕੇ ਜਲੰਧਰ-ਲੁਧਿਆਣਾ (ਦਿੱਲੀ-ਅੰਮ੍ਰਿਤਸਰ) ਨੈਸ਼ਨਲ ਹਾਈਵੇਅ ‘ਤੇ ਧਰਨਾ ਲਗਾ ਕੇ ਰੋਡ ਬੰਦ ਕਰ ਦਿੱਤਾ ਹੈ, ਜਿਸ ਕਾਰਨ ਆਵਾਜਾਈ ਠੱਪ ਹੋਣ ਕਰਕੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ 3 ਜ਼ਿਲ੍ਹੇ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਦੀ ਭਾਰੀ ਪੁਲਸ ਫੋਰਸ ਮੌਕੇ ‘ਤੇ ਪਹੁੰਚ ਗਈ ਹੈ। ਮੌਕੇ ‘ਤੇ ਪਹੁੰਚੇ ਡੀ. ਆਈ. ਜੀ, ਐੱਸ. ਐੱਸ. ਪੀ. ਕਪੂਰਥਲਾ, ਐੱਸ. ਐੱਸ. ਪੀ. ਹੁਸ਼ਿਆਰਪੁਰ ਅਤੇ ਐੱਸ. ਐੱਸ. ਪੀ. ਜਲੰਧਰ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਮਾਹੌਲ ਸ਼ਾਂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਡੀ. ਆਈ. ਜੀ. ਜਲੰਧਰ ਰੇਂਜ ਨਵੀਨ ਸਿੰਗਲਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਲਿਖਤੀ ਬਿਆਨ ਲੈ ਕੇ ਅਣਪਛਾਤਿਆਂ ਖ਼ਿਲਾਫ਼ ਜਬਰ-ਜ਼ਿਨਾਹ ਦੀ ਐੱਫ਼. ਆਈ. ਆਰ. ਦਰਜ ਕੀਤੀ ਜਾ ਰਹੀ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਲਈ ਇਕ 7 ਮੈਂਬਰੀ SIT (ਵਿਸ਼ੇਸ਼ ਜਾਂਚ ਟੀਮ) ਦਾ ਗਠਨ ਕਰ ਦਿੱਤਾ ਗਿਆ ਹੈ।