#INDIA

ਭਾਰਤ ਸਥਿਤ ਅਮਰੀਕੀ ਦੂਤਘਰ ਵੱਲੋਂ ਵੀਜ਼ਾ ਅਪੁਆਇੰਟਮੈਂਟ ਪ੍ਰਕਿਰਿਆ ‘ਚ ਆਵੇਗੀ ਤੇਜ਼ੀ

-ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤ ‘ਚ ਵੀਜ਼ਾ ਲਈ ਉਡੀਕ ਸਮਾਂ ਘਟਾਉਣ ਦਾ ਹੁਕਮ
ਨਵੀਂ ਦਿੱਲੀ, 10 ਅਪ੍ਰੈਲ (ਪੰਜਾਬ ਮੇਲ)- ਭਾਰਤ ਦੇ ਦਿੱਲੀ ਸਥਿਤ ਅਮਰੀਕੀ ਦੂਤਘਰ ਨੇ ਆਪਣੀ ਵੀਜ਼ਾ ਅਪੁਆਇੰਟਮੈਂਟ ਪ੍ਰਕਿਰਿਆ ‘ਚ ਬਦਲਾਅ ਕੀਤਾ ਹੈ, ਤਾਂ ਜੋ ਅਮਰੀਕਾ ਜਾਣ ਵਾਲੇ ਭਾਰਤੀਆਂ ਨੂੰ ਵੀਜ਼ਾ ਜਲਦੀ ਮਿਲ ਸਕੇ। ਅਮਰੀਕੀ ਰਾਜਦੂਤ ਗਾਰਸੇਟੀ ਨੇ ਦੱਸਿਆ ਕਿ ਰਾਸ਼ਟਰਪਤੀ ਜੋਅ ਬਾਇਡਨ ਨੇ ਉਨ੍ਹਾਂ ਨੂੰ ਭਾਰਤ ‘ਚ ਵੀਜ਼ਾ ਲਈ ਉਡੀਕ ਸਮਾਂ ਘਟਾਉਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗ੍ਰੀਨ ਕਾਰਡ ਬੈਕਲਾਗ ਦਾ ਮੁੱਦਾ ਵੀ ਵੱਡੀ ਸਮੱਸਿਆ ਹੈ ਤੇ ਇਸ ਨੂੰ ਵੀ ਜਲਦੀ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਹੁਕਮ ਨਾਲ ਉਡੀਕ ਸਮਾਂ 75 ਫ਼ੀਸਦੀ ਤੱਕ ਘੱਟ ਜਾਵੇਗਾ। ਦੂਜੇ ਪਾਸੇ ਅਮਰੀਕਾ ਨੇ ਕਈ ਵੀਜ਼ਾ ਸ਼੍ਰੇਣੀਆਂ ਲਈ ਅਰਜ਼ੀਆਂ ਦੀ ਫੀਸ ‘ਚ ਵੱਡਾ ਵਾਧਾ ਕੀਤਾ ਹੈ।
ਅਮਰੀਕੀ ਰਾਜਦੂਤ ਨੇ ਕਿਹਾ ਕਿ ਭਾਵੇਂ ਗੱਲ ਪ੍ਰਵਾਸੀਆਂ ਦੀ ਹੋਵੇ, ਗ੍ਰੀਨ ਕਾਰਡ ਜਾਂ ਪੱਕੀ ਨਾਗਰਿਕਤਾ ਲੈਣ ਵਾਲੇ ਲੋਕਾਂ ਦੀ ਹੋਵੇ, ਸਾਰੇ ਦੇਸ਼ਾਂ ਵਾਂਗ ਅਮਰੀਕਾ ‘ਚ ਵੀ ਕਿਸੇ ਵੀ ਕੰਮ ਲਈ ਕੁਝ ਵਿਧਾਨਕ ਹੱਦਾਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮਾਪਦੰਡ ਭਾਰਤੀਆਂ ਲਈ ਨਿਰਾਸ਼ਾਜਨਕ ਹਨ ਕਿਉਂਕਿ ਇਥੇ ਬਹੁਤ ਸਾਰੇ ਭਾਰਤੀ ਹਨ, ਜੋ ਅਮਰੀਕਾ ਜਾਣਾ ਚਾਹੁੰਦੇ ਹਨ। ਗਾਰਸੇਟੀ ਨੇ ਕਿਹਾ ਕਿ ਅਮਰੀਕਾ ਦਾ ਵੀਜ਼ਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਮਾਮਲੇ ‘ਚ ਭਾਰਤ ਮੈਕਸੀਕੋ ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਸਾਲ 2023 ‘ਚ 2,45,000 ਤੋਂ ਵੱਧ ਭਾਰਤੀ ਵਿਦਿਆਰਥੀ ਵੀਜ਼ਾ ਲੈ ਕੇ ਅਮਰੀਕਾ ਗਏ ਸਨ।
ਦੂਜੇ ਪਾਸੇ ਅਮਰੀਕਾ ਜਾਣ ਲਈ ਐੱਚ-1ਬੀ, ਐੱਲ-1 ਤੇ ਈ.ਬੀ.-5 ਵੀਜ਼ਾ ਲਈ ਅਰਜ਼ੀਆਂ ਦੀ ਫੀਸ ਵਧਾ ਦਿੱਤੀ ਗਈ ਹੈ। ਇਹ ਸਾਰੇ ਗੈਰ-ਪ੍ਰਵਾਸੀ ਵੀਜ਼ਾ ਸ਼੍ਰੇਣੀ ‘ਚ ਆਉਂਦੇ ਹਨ। ਐੱਚ-1ਬੀ ਵਿਦੇਸ਼ੀ ਹੁਨਰਮੰਦਾਂ ਨੂੰ ਅਮਰੀਕੀ ਕੰਪਨੀਆਂ ਲਈ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਦੇ ਨਾਲ ਹੀ ਐੱਲ-1 ਉਨ੍ਹਾਂ ਕਰਮਚਾਰੀਆਂ ਲਈ ਹੈ, ਜੋ ਕੰਪਨੀ ਅੰਦਰ ਦੇਸ਼ ਬਦਲ ਕੇ ਟਰਾਂਸਫਰ ਕੀਤੇ ਜਾਂਦੇ ਹਨ। ਈ.ਬੀ.-5 ਨਿਵੇਸ਼ ਰਾਹੀਂ ਅਮਰੀਕਾ ‘ਚ ਰਹਿਣ ਦਾ ਰਸਤਾ ਪ੍ਰਦਾਨ ਕਰਦਾ ਹੈ। ਅਮਰੀਕਾ ਆਉਣ ਵਾਲੇ ਜ਼ਿਆਦਾਤਰ ਭਾਰਤੀ ਐੱਚ-1ਬੀ, ਐੱਲ-1 ਤੇ ਈ.ਬੀ.-5 ਵੀਜ਼ਾ ਦੀ ਵਰਤੋਂ ਕਰਦੇ ਹਨ।
ਜੇਕਰ ਤੁਸੀਂ ਐੱਚ-1ਬੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਇਸ ਲਈ ਫਾਰਮ ਆਈ-129 ਦੀ ਲੋੜ ਹੈ। ਇਸ ਦੀ ਪਹਿਲਾਂ ਫੀਸ 460 ਅਮਰੀਕੀ ਡਾਲਰ (ਲਗਭਗ 38,000 ਰੁਪਏ) ਹੈ, ਜੋ ਵੱਧ ਕੇ 780 ਅਮਰੀਕੀ ਡਾਲਰ (64,000 ਰੁਪਏ ਤੋਂ ਵੱਧ) ਹੋ ਗਈ ਹੈ। ਇਸ ਤੋਂ ਇਲਾਵਾ ਐੱਚ-1ਬੀ ਰਜਿਸਟ੍ਰੇਸ਼ਨ ਫੀਸ ਵੀ ਵੱਧ ਗਈ ਹੈ। ਇਹ ਪਹਿਲਾਂ 10 ਡਾਲਰ (ਲਗਭਗ 829 ਰੁਪਏ) ਸੀ, ਜੋ ਅਗਲੇ ਵਿੱਤੀ ਸਾਲ ਤੋਂ ਵੱਧ ਕੇ 215 ਡਾਲਰ (ਲਗਭਗ 17 ਹਜ਼ਾਰ ਰੁਪਏ) ਹੋ ਗਈ ਹੈ। ਐੱਲ-1 ਵੀਜ਼ਾ ਦੀ ਫੀਸ 460 ਅਮਰੀਕੀ ਡਾਲਰ (ਲਗਭਗ 38 ਹਜ਼ਾਰ ਰੁਪਏ) ਸੀ, ਜੋ 1 ਅਪ੍ਰੈਲ ਤੋਂ ਵੱਧ ਕੇ 1,385 ਅਮਰੀਕੀ ਡਾਲਰ (ਲਗਭਗ 1 ਲੱਖ 10 ਹਜ਼ਾਰ ਰੁਪਏ) ਹੋ ਗਈ ਹੈ।
ਈ.ਬੀ.-5 ਵੀਜ਼ਾ ਦੀ ਫੀਸ ਹੁਣ 9 ਲੱਖ ਰੁਪਏ
ਇਸੇ ਤਰ੍ਹਾਂ ਈ.ਬੀ.-5 ਵੀਜ਼ਾ ਨੂੰ ਨਿਵੇਸ਼ਕ ਵੀਜ਼ਾ ਵਜੋਂ ਵੀ ਜਾਣਿਆ ਜਾਂਦਾ ਹੈ। ਪਹਿਲਾਂ ਈ.ਬੀ.-5 ਲਈ 3,675 ਡਾਲਰ (ਲਗਭਗ 3 ਲੱਖ ਰੁਪਏ) ਦਾ ਭੁਗਤਾਨ ਕਰਨਾ ਪੈਂਦਾ ਸੀ। 1 ਅਪ੍ਰੈਲ ਤੋਂ ਇਹ ਵੱਧ ਕੇ 11,160 ਡਾਲਰ (ਲਗਭਗ 9 ਲੱਖ ਰੁਪਏ) ਹੋ ਗਿਆ ਹੈ।  ਈ.ਬੀ.-5 ਵੀਜ਼ਾ ਅਮਰੀਕੀ ਸਰਕਾਰ ਨੇ 1990 ‘ਚ ਸ਼ੁਰੂ ਕੀਤਾ ਸੀ। ਇਸ ਨਿਯਮ ਤਹਿਤ ਕਿਸੇ ਵੀ ਦੇਸ਼ ਦਾ ਵਿਅਕਤੀ ਅਮਰੀਕੀ ਕਾਰੋਬਾਰ ‘ਚ ਘੱਟੋ-ਘੱਟ 5 ਲੱਖ ਅਮਰੀਕੀ ਡਾਲਰ ਦਾ ਨਿਵੇਸ਼ ਕਰਕੇ ਆਪਣੇ ਤੇ ਆਪਣੇ ਪਰਿਵਾਰ ਲਈ ਵੀਜ਼ਾ ਪ੍ਰਾਪਤ ਕਰ ਸਕਦਾ ਹੈ।