#INDIA

ਭਾਰਤ ‘ਚ ਘਟਣ ਲੱਗੀ ਜਨਮ ਦਰ! ਐਲਨ ਮਸਕ ਵੱਲੋਂ ਚਿੰਤਾ ਜ਼ਾਹਿਰ

ਨਵੀਂ ਦਿੱਲੀ, 8 ਜੂਨ (ਪੰਜਾਬ ਮੇਲ)- ਭਾਰਤ ਇਸ ਸਮੇਂ ਦੁਨੀਆਂ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ ਪਰ ਹੁਣ ਭਾਰਤ ‘ਚ ਜਨਮ ਦਰ ਘਟਣ ਲੱਗ ਪਈ ਹੈ। ਭਾਰਤ ‘ਚ ਘਟਦੀ ਜਨਮ ਦਰ ‘ਤੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਤੇ ਸਪੇਸਐਕਸ ਦੇ ਸੀ.ਈ.ਓ. ਐਲਨ ਮਸਕ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਭਾਰਤ ‘ਚ ਜਨਮ ਦਰ ਹੁਣ ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਆ ਗਈ ਹੈ। ਇਸ ਦਾ ਮਤਲਬ ਹੈ ਕਿ ਭਾਰਤ ਦੀ ਜਨਮ ਦਰ, ਅਬਾਦੀ ਨੂੰ ਸੰਤੁਲਿਤ ਰੱਖਣ ਦੀ ਦਰ ਤੋਂ ਵੀ ਘੱਟ ਗਈ ਹੈ, ਜਿਸ ਦੇ ਨਤੀਜੇ ਵਜੋਂ ਅਗਲੇ ਕੁਝ ਸਾਲਾਂ ‘ਚ ਭਾਰਤ ਦੀ ਅਬਾਦੀ ‘ਚ ਵੀ ਤੇਜ਼ੀ ਨਾਲ ਕਮੀ ਆ ਸਕਦੀ ਹੈ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਮਸਕ ਨੇ ਲਿਖਿਆ, ”ਭਾਰਤ ਦੀ ਜਨਮ ਦਰ ਰਿਪਲੇਸਮੈਂਟ ਲੈਵਲ ਤੋਂ ਹੇਠਾਂ ਡਿੱਗ ਗਈ ਹੈ। ਭਾਰਤ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਵਰਗ ‘ਚ ਤਾਂ ਇਹ ਜਨਮ ਦਰ ਕਈ ਸਾਲ ਪਹਿਲਾਂ ਹੀ ਰਿਪਲੇਸਮੈਂਟ ਲੈਵਲ ਤੋਂ ਹੇਠਾਂ ਆ ਚੁੱਕੀ ਸੀ।”
ਮਸਕ ਨੇ ਆਪਣੀ ਪੋਸਟ ‘ਚ ਇਕ ਰਿਪੋਰਟ ਦਾ ਹਵਾਲਾ ਦਿੱਤਾ, ਜਿਸ ‘ਚ ਦੱਸਿਆ ਗਿਆ ਹੈ ਕਿ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰਤ ਦੀ ਜਨਮ ਦਰ ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਆ ਗਈ ਹੈ। ਰਿਪੋਰਟ ਮੁਤਾਬਕ, ਸਿਰਫ਼ ਪਿਛਲੇ 10 ਸਾਲਾਂ ਦੌਰਾਨ ਭਾਰਤ ਦੀ ਟੀ.ਐੱਫ.ਆਰ. (ਕੁੱਲ ਜਣਨ ਦਰ) 2.3 ਤੋਂ ਘੰਟ ਕੇ 1.9 ਰਹਿ ਗਈ ਹੈ। ਖ਼ਾਸ ਗੱਲ ਇਹ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੀ ਜਨਮ ਦਰ ਹੁਣ 1.2 ‘ਤੇ ਆ ਗਈ ਹੈ, ਜੋ ਕਿ ਫਿਨਲੈਂਡ ਦੇਸ਼ ਨਾਲੋਂ ਵੀ ਘੱਟ ਹੈ।
ਰਿਪੋਰਟ ਮੁਤਾਬਕ ਭਾਵੇਂ ਕਿ ਦੇਸ਼ ਦੀ ਜਨਮ ਦਰ ਘਟੀ ਹੈ, ਪਰ ਇਸ ਦੇ ਬਾਵਜੂਦ ਰਾਜਸਥਾਨ, ਬਿਹਾਰ ਤੇ ਉੱਤਰ ਪ੍ਰਦੇਸ਼ ਦੀ ਜਨਮ ਦਰ ਦੇਸ਼ ਦੀ ਜਨਮ ਦਰ ਨਾਲੋਂ ਵੱਧ ਹੈ। ਰਾਜਸਥਾਨ ਦੀ ਜਨਮ ਦਰ 2.2, ਉੱਤਰ ਪ੍ਰਦੇਸ਼ ਦੀ 2.6 ਤੇ ਬਿਹਾਰ ਦੀ ਜਨਮ ਦਰ 2.9 ਤੱਕ ਬਣੀ ਹੋਈ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੀ ਮੌਜੂਦਾ ਆਬਾਦੀ 1.46 ਅਰਬ ਤੋਂ ਵੀ ਵੱਧ ਹੈ। ਸਾਲ 2023 ਵਿਚ ਭਾਰਤ ਚੀਨ ਨੂੰ ਪਛਾੜ ਕੇ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਿਆ ਸੀ। ਹਾਲਾਂਕਿ ਦੇਸ਼ ਦੀ ਜਨਮ ਦਰ ‘ਚ ਗਿਰਾਵਟ ਆਈ ਹੈ, ਪਰ ਫ਼ਿਰ ਵੀ ਦੇਸ਼ ਇੰਨੀ ਵੱਡੀ ਅਬਾਦੀ ਨੂੰ ਚੰਗੀਆਂ ਸਿਹਤ ਤੇ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ‘ਚ ਸਮੱਸਿਆਵਾਂ ਨਾਲ ਜੂਝ ਰਿਹਾ ਹੈ।