#PUNJAB

ਭਾਖੜਾ ਡੈਮ ਰਿਪੋਰਟ: ਗਾਦ ਬਾਰੇ ਬੀ.ਬੀ.ਐੱਮ.ਬੀ. ਦੇ ਦਾਅਵੇ ਗ਼ਲਤ ਠਹਿਰਾਏ

-ਆਈ.ਆਈ.ਟੀ. ਰੋਪੜ ਦੇ ਅਧਿਐਨ ‘ਚ ਨਵੇਂ ਖ਼ੁਲਾਸੇ ਹੋਏ
ਰੋਪੜ, 27 ਜੁਲਾਈ (ਪੰਜਾਬ ਮੇਲ)- ਆਈ.ਆਈ.ਟੀ. ਰੋਪੜ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਦੇ ਉਨ੍ਹਾਂ ਦਾਅਵਿਆਂ ਨੂੰ ਗ਼ਲਤ ਠਹਿਰਾਇਆ ਹੈ, ਜਿਨ੍ਹਾਂ ‘ਚ ਆਖਿਆ ਗਿਆ ਸੀ ਕਿ ਭਾਖੜਾ ਡੈਮ ਦੇ ਗੋਬਿੰਦ ਸਾਗਰ ਜਲ ਸਰੋਤ ‘ਚ ਗਾਦ ਜਮ੍ਹਾਂ ਹੋਣ ਕਾਰਨ ਪਾਣੀ ਦੀ ਭੰਡਾਰਨ ਸਮਰੱਥਾ ਵਿਚ ਕਮੀ ਆ ਗਈ ਹੈ। ਡਾ. ਰੀਤ ਤਿਵਾੜੀ ਦੀ ਅਗਵਾਈ ਹੇਠਲੀ ਟੀਮ ਵੱਲੋਂ ਕੀਤੇ ਗਏ ਅਧਿਐਨ ਮੁਤਾਬਕ ਬੀ.ਬੀ.ਐੱਮ.ਬੀ. ਦੇ ਝੀਲ ਸਰਵੇਖਣ ਵਿਭਾਗ ਵੱਲੋਂ ਤਿਆਰ ਕੀਤੇ ਗਏ ਅੰਦਾਜ਼ਿਆਂ ਨਾਲੋਂ ਜਲ ਸਰੋਤ ‘ਚ ਪਾਣੀ ਦੀ ਸਮਰੱਥਾ ਕਾਫ਼ੀ ਬਚੀ ਹੋਈ ਹੈ।
ਆਈ.ਆਈ.ਟੀ. ਟੀਮ ਦੀ ਰਿਪੋਰਟ ਮੁਤਾਬਕ 38 ਫ਼ੀਸਦੀ ਜਲ ਭੰਡਾਰਨ ਦੀ ਕਮੀ ਹੈ, ਜਦਕਿ ਬੀ.ਬੀ.ਐੱਮ.ਬੀ. ਨੇ 47 ਫ਼ੀਸਦੀ ਦਾ ਅੰਦਾਜ਼ਿਆ ਲਾਇਆ ਸੀ। ਇਸੇ ਤਰ੍ਹਾਂ ਲਾਈਵ ਸਟੋਰੇਜ ਦਾ ਘਾਟਾ 13 ਫ਼ੀਸਦੀ (ਬੀ.ਬੀ.ਐੱਮ.ਬੀ. ਅਨੁਸਾਰ 19 ਫ਼ੀਸਦੀ) ਅਤੇ ਕੁੱਲ ਸਟੋਰੇਜ ਘਾਟਾ 19 ਫ਼ੀਸਦੀ (ਬੀ.ਬੀ.ਐੱਮ.ਬੀ. ਅਨੁਸਾਰ 26 ਫ਼ੀਸਦੀ) ਦਰਜ ਕੀਤਾ ਗਿਆ ਹੈ। ਆਈ.ਆਈ.ਟੀ. ਨੇ ਸਾਲਾਨਾ ਗਾਦ ਦੀ ਆਮਦ ਵੀ 31 ਮਿਲੀਅਨ ਕਿਊਬਿਕ ਮੀਟਰ ਦੱਸੀ ਹੈ, ਜੋ ਬੋਰਡ ਦੇ 39 ਮਿਲੀਅਨ ਕਿਊਬਿਕ ਮੀਟਰ ਦੇ ਅੰਦਾਜ਼ੇ ਨਾਲੋਂ ਘੱਟ ਹੈ।
ਉਧਰ ਬੀ.ਬੀ.ਐੱਮ.ਬੀ. ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਆਈ.ਆਈ.ਟੀ. ਨੇ ਸਰਵੇਖਣ ਲਈ ਅਤਿ-ਆਧੁਨਿਕ ਤਕਨੀਕਾਂ, ਬਾਥੀਮੈਟ੍ਰਿਕ ਸਰਵੇ, ਡਰੋਨ ਮੈਪਿੰਗ ਅਤੇ ਸੰਘਣੇ ਕਰਾਸ-ਸੈਕਸ਼ਨਲ ਮਾਪਾਂ ਦੀ ਵਰਤੋਂ ਕੀਤੀ ਹੈ, ਜਿਸ ਕਾਰਨ ਨਤੀਜੇ ਜ਼ਿਆਦਾ ਸਹੀ ਆਏ ਹਨ। ਇਹ ਅਧਿਐਨ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਬੀ.ਬੀ.ਐੱਮ.ਬੀ. ਨੇ ਗੋਬਿੰਦ ਸਾਗਰ ਜਲ ਸਰੋਤ ਦੀ ਪਹਿਲੀ ਵਾਰ ਵੱਡੇ ਪੱਧਰ ‘ਤੇ ਮਕੈਨੀਕਲ ਡੀਸਿਲਟਿੰਗ (ਗਾਦ ਕੱਢਣ) ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਤਹਿਤ ਹਿਮਾਚਲ ਪ੍ਰਦੇਸ਼ ਦੇ ਲੁਣੂ ਅਤੇ ਸੀਰ ਖੱਡ ਵਿਖੇ ਕੰਮ ਸ਼ੁਰੂ ਕੀਤਾ ਜਾਵੇਗਾ, ਜਿੱਥੋਂ ਨਿਕਲਣ ਵਾਲੀ ਗਾਦ ‘ਤੇ ਹਿਮਾਚਲ ਨੂੰ 150 ਰੁਪਏ ਪ੍ਰਤੀ ਟਨ ਰਾਇਲਟੀ ਮਿਲੇਗੀ।