#PUNJAB

ਬੀਬੀ ਜਗੀਰ ਕੌਰ ਦੀ ਅਕਾਲੀ ਦਲ ‘ਚ ਵਾਪਸੀ ਟਲੀ

ਬੇਗੋਵਾਲ, 12 ਨਵੰਬਰ (ਪੰਜਾਬ ਮੇਲ)- ਬੀਬੀ ਜਗੀਰ ਕੌਰ ਦੇ ਅਕਾਲੀ ਦਲ ‘ਚ ਵਾਪਸੀ ਦਾ ਪ੍ਰੋਗਰਾਮ ਫਿਲਹਾਲ ਕੁਝ ਦਿਨਾਂ ਲਈ ਟਲ ਗਿਆ ਹੈ।
ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 13 ਨਵੰਬਰ ਦੀ ਬੇਗੋਵਾਲ ਵਿਖੇ ਬੀਬੀ ਜਗੀਰ ਕੌਰ ਦੀ ਰਿਹਾਇਸ਼ ਦੀ ਫੇਰੀ ਮੁਲਤਵੀ ਹੋ ਗਈ ਹੈ। ਇਸ ਬਾਰੇ ਜਾਣਕਾਰੀ ਬੀਬੀ ਜਗੀਰ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਜ਼ਰੂਰੀ ਸੂਚਨਾ ਹੈ, ਆਪ ਸਭ ਨੂੰ ਨਿਮਰਤਾ ਸਹਿਤ ਦੱਸਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ 13 ਨਵੰਬਰ 2026 ਦਿਨ ਸ਼ੁੱਕਰਵਾਰ ਨੂੰ ਬੇਗੋਵਾਲ ਵਿਖੇ ਪਹੁੰਚਣਾ ਸੀ। ਹੁਣ ਸੁਖਬੀਰ ਸਿੰਘ ਬਾਦਲ ਦੇ ਦਿੱਲੀ ਵਿਖੇ ਮੀਟਿੰਗਾਂ ਦੇ ਰੁਝੇਵਿਆਂ ਕਾਰਨ ਉਨ੍ਹਾਂ ਦਾ ਪ੍ਰੋਗਰਾਮ ਅੱਗੇ ਕੀਤਾ ਜਾਂਦਾ ਹੈ। ਅਗਲੇ ਪ੍ਰੋਗਰਾਮ ਦੀ ਤਾਰੀਖ਼ ਬਾਰੇ ਆਪ ਸਭ ਨੂੰ ਜਲਦੀ ਹੀ ਸੂਚਿਤ ਕੀਤਾ ਜਾਵੇਗਾ।
ਚਰਚਾ ਸੀ ਕਿ ਉਹ 13 ਨਵੰਬਰ 2026 ਨੂੰ ਬੇਗੋਵਾਲ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਅਕਾਲੀ ਦਲ ਵਿਚ ਵਾਪਸੀ ਕਰਨਗੇ। ਉਨ੍ਹਾਂ ਦੀ ਵਾਪਸੀ ਸੰਤ ਪ੍ਰੇਮ ਸਿੰਘ ਮੁਰਾਲੇਵਾਲੇ ਦੇ ਡੇਰੇ ਵਿਚ ਹੋਣ ਦੀ ਸੰਭਾਵਨਾ ਹੈ, ਜਿੱਥੇ ਬੀਬੀ ਜਗੀਰ ਕੌਰ ਮੁੱਖ ਸੇਵਾਦਾਰ ਹਨ।
ਬੀਬੀ ਜਗੀਰ ਕੌਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਅਕਾਲੀ ਦਲ ਵਿਚ ਸੁਧਾਰ ਪਾਰਟੀ ਦੇ ਅੰਦਰ ਰਹਿ ਕੇ ਹੀ ਕੀਤਾ ਜਾ ਸਕਦਾ ਹੈ, ਬਾਹਰ ਰਹਿ ਕੇ ਨਹੀਂ। ਇਸੇ ਤਰ੍ਹਾਂ ਪੰਜਾਬ ਵਿਚ ਸੁਧਾਰ ਲਈ ਕੇਂਦਰ ਸਰਕਾਰ ਨਾਲ ਤਾਲਮੇਲ ਬਣਾ ਕੇ ਰੱਖਣਾ ਜ਼ਰੂਰੀ ਹੈ।