#PUNJAB

ਬਹਿਬਲ ਕਲਾਂ ਗੋਲੀ ਕਾਂਡ ਮਾਮਲਾ: SIT ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ

ਚੰਡੀਗੜ੍ਹ,  11 ਸਤੰਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਲ 2015 ਦੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਅੱਗੇ ਪੇਸ਼ ਨਹੀਂ ਹੋਏ। ਬਾਦਲ ਨੂੰ ਸੈਕਟਰ-32 ਸਥਿਤ ਪੰਜਾਬ ਪੁਲੀਸ ਆਫ਼ੀਸਰਜ਼ ਇੰਸਟੀਚਿਊਟ (PPOI) ਵਿਖੇ ਐੱਸ ਆਈ ਟੀ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜੇ ਗਏ ਸਨ।

ਹਾਲਾਂਕਿ, ਉਨ੍ਹਾਂ ਵੱਲੋਂ ਪਰਮਬੰਸ ਸਿੰਘ ਰੋਮਾਨਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਸਵੇਰੇ 11 ਵਜੇ ਦੇ ਕਰੀਬ ਐੱਸ ਆਈ ਟੀ ਅਧਿਕਾਰੀਆਂ ਨੂੰ ਮਿਲੇ। ਇੱਕ ਲਿਖਤੀ ਬੇਨਤੀ ਵਿੱਚ ਸੁਖਬੀਰ ਸਿੰਘ ਬਾਦਲ ਨੇ ਐੱਸ ਆਈ ਟੀ ਅੱਗੇ ਪੇਸ਼ ਨਾ ਹੋ ਸਕਣ ਦਾ ਕਾਰਨ ਆਪਣੀ ਖ਼ਰਾਬ ਸਿਹਤ ਦੱਸਿਆ। ਬਾਦਲ ਨੇ ਕਿਹਾ ਕਿ ਡਾਕਟਰੀ ਚੈੱਕਅਪ ਲਈ ਡਾਕਟਰ ਕੋਲ ਜਾਣ ਦੀ ਲੋੜ ਹੋਣ ਕਾਰਨ ਉਹ ਪੇਸ਼ ਨਹੀਂ ਹੋ ਸਕੇ। ਇਸ ਤੋਂ ਇਲਾਵਾ ਉਨ੍ਹਾਂ ਸੂਬੇ ਭਰ ਵਿੱਚ ਪਬਲਿਕ ਰੈਲੀਆਂ ਅਤੇ ਲੋਕ ਸੰਪਰਕ ਪ੍ਰੋਗਰਾਮਾਂ ਦੇ ਰੁਝੇਵਿਆਂ ਦਾ ਹਵਾਲਾ ਦਿੰਦਿਆਂ 30 ਸਤੰਬਰ ਤੱਕ ਦਾ ਸਮਾਂ ਮੰਗਿਆ ਹੈ। ਪਰਮਬੰਸ ਸਿੰਘ ਬੰਟੀ ਰੋਮਾਨਾ ਨੇ ਕਿਹਾ, “ਅਸੀਂ ਐੱਸ ਆਈ ਟੀ ਤੋਂ ਲਿਖਤੀ ਪ੍ਰਸ਼ਨਵਲੀ (questionnaire) ਦੀ ਵੀ ਮੰਗ ਕੀਤੀ ਹੈ। ਸਾਨੂੰ ਉਨ੍ਹਾਂ ਦੀ ਨੀਅਤ ’ਤੇ ਸ਼ੱਕ ਹੈ। ਅਸੀਂ ਸਹਿਯੋਗ ਕਰਨਾ ਚਾਹੁੰਦੇ ਹਾਂ, ਪਰ ਉਨ੍ਹਾਂ ਦਾ ਮਕਸਦ ਸਿਆਸੀ ਬਿਰਤਾਂਤ ਸਿਰਜਣਾ ਜਾਪਦਾ ਹੈ।” ਰੋਮਾਨਾ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੋਵਾਂ ਨੇ ਇੱਕੋ ਜਿਹਾ ਪੈਟਰਨ ਅਪਣਾਇਆ ਹੈ ਅਤੇ ਸੁਖਬੀਰ ਸਿੰਘ ਬਾਦਲ ਨੂੰ ਘੇਰਨ ਲਈ ਹੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਬੇਅਦਬੀ ਦੇ ਮੁੱਦੇ ’ਤੇ ਸਿਰਫ਼ ਸਿਆਸਤ ਹੀ ਖੇਡੀ ਗਈ ਹੈ ਅਤੇ ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਵੀ ਸਰਕਾਰ ਮੁਸ਼ਕਿਲ ਵਿੱਚ ਹੁੰਦੀ ਹੈ, ਤਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਸ ਮਾਮਲੇ ਨੂੰ ਮੁੜ ਉਛਾਲ ਦਿੱਤਾ ਜਾਂਦਾ ਹੈ।