ਫਰਿਜ਼ਨੋ, 14 ਅਕਤੂਬਰ (ਧਾਲੀਆਂ/ ਮਾਛੀਕੇ/ ਪੰਜਾਬ ਮੇਲ)- ਪੰਜਾਬੀ ਸੱਭਿਆਚਾਰ ਅਤੇ ਗਾਇਕੀ ਦਾ ਮਾਣ, ਤੂੰਬੀ ਦੇ ਬਾਦਸ਼ਾਹ ਮਰਹੂਮ ਕਲਾਕਾਰ ਉਸਤਾਦ ਲਾਲ ਚੰਦ ਯਮਲਾ ਜੱਟ ਦਾ 26ਵਾਂ ਯਾਦਗਾਰੀ ਮੇਲਾ ਕੈਲੀਫੋਰਨੀਆ ਦੇ ਸ਼ਹਿਰ ਫਾਊਲਰ ਵਿਖੇ ਲਾਇਆ ਗਿਆ, ਜਿਸ ਦੀ ਸ਼ੁਰੂਆਤ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਜਸਵੰਤ ਸਿੰਘ ਮਹਿੰਮੀ ਨੇ ਕੀਤੀ। ਇਸ ਉਪਰੰਤ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਤਸਵੀਰ ਉੱਪਰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਹਾਰ ਪਾਉਣ ਦੀ ਰਸਮ ਕੀਤੀ ਗਈ।
ਮੇਲੇ ਦੌਰਾਨ ਯਮਲਾ ਜੱਟ ਦੇ ਲਾਡਲੇ ਸ਼ਾਗਿਰਦ ਅਤੇ ਮੇਲਾ ਕਮੇਟੀ ਦੇ ਪ੍ਰੈਜ਼ੀਡੈਂਟ ਰਾਜਿੰਦਰ ਬਰਾੜ, ਉਰਫ ਰਾਜ ਬਰਾੜ ਯਮਲਾ ਨੇ ਸਭ ਨੂੰ ਜੀ ਆਇਆਂ ਕਹਿਣ ਉਪਰੰਤ ਆਪਣੀ ਗਾਇਕੀ ਰਾਹੀਂ ਖੂਬ ਰੰਗ ਬੰਨ੍ਹੇ। ਖੁੱਲ੍ਹੇ ਅਖਾੜੇ ਵਿਚ ਸਥਾਨਕ ਗਾਇਕ ਕਮਲਜੀਤ ਬੈਨੀਪਾਲ, ਗਾਇਕ ਗੌਗੀ ਸੰਧੂ ਅਤੇ ਹੋਰਨਾਂ ਨੇ ਆਪਣੇ-ਆਪਣੇ ਅੰਦਾਜ਼ ਵਿਚ ਗੀਤ ਗਾਏ। ਇਸੇ ਤਰ੍ਹਾਂ ਸਥਾਨਕ ਕੈਲੀਫੋਰਨੀਆ ਦੇ ਦਿਲਦਾਰ ਬ੍ਰਦਰਜ਼ ਗਰੁੱਪ ਦੇ ਗਾਇਕ ਅਵਤਾਰ ਗਰੇਵਾਲ, ਰਾਣੀ ਗਿੱਲ ਅਤੇ ਕਾਤਾਂ ਸਹੋਤਾ ਨੇ ਆਪਣੇ ਰਿਕਾਰਡ ਹੋਏ ਭੰਗੜੇ ਵਾਲੇ ਗੀਤਾਂ ਰਾਹੀ ਖੂਬ ਰੌਣਕਾਂ ਲਾਈਆਂ।
ਕੈਲੀਫੋਰਨੀਆ ਦੀ ਪ੍ਰਸਿੱਧ ਦੋਗਾਣਾ ਜੋੜੀ ਗਾਇਕ ਪੱਪੀ ਭਦੌੜ ਅਤੇ ਦਿਲਪ੍ਰੀਤ ਕੌਰ ਦਿਲ ਨੇ ਪੰਜਾਬੀ ਸੱਭਿਆਚਾਰ ਦੇ ਦੋਗਾਣਾ ਰੰਗ ਨੂੰ ਪੇਸ਼ ਕਰਕੇ ਸਭ ਦਾ ਦਿਲ ਜਿੱਤਿਆ।
ਇਸ ਸਮੇਂ ਹੋਰ ਬੁਲਾਰਿਆਂ ‘ਚ ਨਾਜ਼ਰ ਸਿੰਘ ਕੂਨਰ, ਜਗਤਾਰ ਸਿੰਘ ਗਿੱਲ, ਰਾਜਿੰਦਰ ਬਰਾੜ, ਡਾ. ਹਰਮੇਸ ਕੁਮਾਰ ਅਤੇ ਚਰਨਜੀਤ ਸਹੋਤਾ, ਸਕੱਤਰ ਬੰਸੀ ਲਾਲ ਬੰਗੜ ਆਦਿਕ ਬਹੁਤ ਸਾਰੇ ਹਾਜ਼ਰੀਨ ਨੇ ਵਿਚਾਰਾਂ ਦੀ ਸਾਂਝ ਪਾਈ।
ਪ੍ਰੋਗਰਾਮ ਦੌਰਾਨ ਜਸਵੰਤ ਸਿੰਘ ਮਹਿੰਮੀ ਨੇ ਯਮਲਾ ਜੀ ਦੇ ਜ਼ਿੰਦਗੀ ਦੇ ਪੱਖ ਸਾਂਝੇ ਕਰਦੇ ਹੋਏ ਬਾਖੂਬੀ ਸ਼ਾਇਰਾਨਾ ਅੰਦਾਜ਼ ਵਿਚ ਸਟੇਜ ਸੰਚਾਲਨ ਕੀਤਾ। ਜਦਕਿ ਜਗਤਾਰ ਸਿੰਘ ਗਿੱਲ ਨੇ ਵੀ ਸਹਾਇਕ ਸਟੇਜ ਹੋਸਟ ਵਜੋਂ ਹਾਜ਼ਰੀ ਲਵਾਈ। ਹਾਜ਼ਰੀਨ ਲਈ ਚਾਹ-ਪਕੌੜੇ ਆਦਿਕ ਦੇ ਲੰਗਰ ਖੁੱਲ੍ਹੇ ਚੱਲੇ। ਸਮੁੱਚੇ ਪ੍ਰੋਗਰਾਮ ਦੌਰਾਨ ਸੰਗੀਤ ਨਰਿੰਦਰ ਬੱਗਾ, ਅਮਰੀਕ ਮੀਕਾ ਅਤੇ ਸੰਨੀ ਐਂਡ ਪਾਰਟੀ ਵੱਲੋਂ ਦਿੱਤਾ ਗਿਆ। ਪੰਜਾਬੀ ਸੱਭਿਆਚਾਰ ਵਿਚ ਬਨੇਰਿਆਂ ਪਏ ਸਪੀਕਰਾਂ ਦੀ ਗੂੰਜ ਨੂੰ ਦੂਰ ਤੱਕ ਪਹੁੰਚਾਉਣ ਲਈ ਸੇਵਾਵਾਂ ਡੀ.ਜੇ. ਫੌਜੀ ਦੁਆਰਾ ਨਿਭਾਈਆਂ ਗਈਆ।
ਇਸ ਯਾਦਗਾਰੀ ਮੇਲੇ ਵਿਚ ਹਾਜ਼ਰ ਸਮੂਹ ਕਲਾਕਾਰਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਮੇਲੇ ਦੀਆਂ ਯਾਦਾਂ ਨੂੰ ਕੈਮਰਾਬੱਧ ਕਰਨ ਲਈ ਵਿਸ਼ੇਸ਼ ਸੇਵਾਵਾਂ ਸ. ਸ਼ਿਆਰਾ ਸਿੰਘ ਢੀਂਡਸਾ ”ਓਮਨੀ ਵੀਡੀਉ ਬੇਕਰਸਫੀਲਡ” ਨੇ ਨਿਭਾਈਆਂ। ਅੰਤ ਵਿਚ ਮੇਲੇ ਦੇ ਮੁੱਖ ਪ੍ਰਬੰਧਕ ਰਾਜਿੰਦਰ ਸਿੰਘ ਬਰਾੜ ਉਰਫ ਰਾਜ ਬਰਾੜ ਯਮਲੇ ਨੇ ਸਭ ਹਾਜ਼ਰੀਨ ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਸਤਾਦ ਲਾਲ ਚੰਦ ਯਮਲਾ ਜੱਟ ਦੀ ਗਾਇਕੀ ਅਤੇ ਗੀਤਕਾਰੀ ਨੂੰ ਸਿੱਜਦਾ ਕਰਦੇ ਹੋਏ, ਅੰਤ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਮੇਲਾ ਯਾਦਗਾਰੀ ਹੋ ਨਿਬੜਿਆ।
ਫਾਊਲਰ ਵਿਖੇ ”26 ਵਾਂ ਉਸਤਾਦ ਲਾਲ ਚੰਦ ਯਮਲਾ ਜੱਟ ਯਾਦਗਾਰੀ ਮੇਲਾ” ਲੱਗਿਆ

