ਮੁੱਖ ਮੰਤਰੀ ਦਫਤਰ ਵੱਲੋਂ ਸਿੱਖਿਆ ਸਕੱਤਰ ਨੂੰ ਜਾਂਚ ਕਰਨ ਦੇ ਹੁਕਮ
ਚੰਡੀਗੜ੍ਹ, 18 ਸਤੰਬਰ (ਪੰਜਾਬ ਮੇਲ)- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀਆਂ 20 ਸਤੰਬਰ ਨੂੰ ਹੋਣ ਵਾਲੀਆਂ ਸੈਨੇਟ ਚੋਣਾਂ ‘ਚ ਸਰਕਾਰੀ ਅਹੁਦੇ ਅਤੇ ਵਿਭਾਗੀ ਪ੍ਰਭਾਵ ਦੀ ਕਥਿਤ ਦੁਰਵਰਤੋਂ ਕਰ ਕੇ ਅਧਿਆਪਕਾਂ ਨੂੰ ਕਿਸੇ ਉਮੀਦਵਾਰ ਦੇ ਹੱਕ ‘ਚ ਪ੍ਰਭਾਵਿਤ ਕਰਨ ਦੇ ਦੋਸ਼ਾਂ ਤਹਿਤ ਲਿਖਤੀ ਸ਼ਿਕਾਇਤ ਮੁੱਖ ਮੰਤਰੀ ਦਫ਼ਤਰ ਪਹੁੰਚ ਗਈ ਹੈ। ਸਿੱਖਿਆ ਵਿਭਾਗ ਵਿਚ ਪ੍ਰਿੰਸੀਪਲ ਤੇ ਐੱਸ.ਸੀ.ਈ.ਆਰ.ਟੀ. ਪੰਜਾਬ ‘ਚ ਸਹਾਇਕ ਡਾਇਰੈਕਟਰ ਵਜੋਂ ਸੇਵਾ ਨਿਭਾਅ ਰਹੇ ਸ਼ੰਕਰ ਚੌਧਰੀ ਦੇ ਚੋਣ ਪ੍ਰਚਾਰ ਦੌਰਾਨ ਸਰਕਾਰੀ ਅਹੁਦੇ ਤੇ ਪ੍ਰਸ਼ਾਸਨਿਕ ਪ੍ਰਭਾਵ ਦੀ ਵਰਤੋਂ ਦੇ ਦੋਸ਼ਾਂ ਵਾਲੀ ਇਸ ਸ਼ਿਕਾਇਤ ਦੀ ਜਾਂਚ ਮੁੱਖ ਮੰਤਰੀ ਦਫਤਰ ਵੱਲੋਂ ਸਿੱਖਿਆ ਸਕੱਤਰ ਨੂੰ ਸੌਂਪ ਦਿੱਤੀ ਗਈ ਹੈ।
ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ ‘ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਸ਼ੰਕਰ ਚੌਧਰੀ ਪੰਜਾਬ ਯੂਨੀਵਰਸਿਟੀ ਸੈਨੇਟ ਚੋਣ ਲੜ ਰਿਹਾ ਹੈ। ਉਹ ਚੋਣ ਲਈ ਆਪਣੀ ਉਮੀਦਵਾਰ ਦਾ ਪ੍ਰਚਾਰ ਕਰਨ ਲਈ ਸਰਕਾਰੀ ਮਸ਼ੀਨਰੀ ਦਾ ਦੁਰਵਰਤੋਂ ਕਰ ਰਿਹਾ ਹੈ। ਸ਼ਿਕਾਇਤ ‘ਚ ਵਿਭਾਗੀ ਮੀਟਿੰਗਾਂ/ ਗਤੀਵਿਧੀਆਂ ਦੇ ਨਾਮ ‘ਤੇ ਅਧਿਆਪਕਾਂ ਨੂੰ ਇਕੱਠਾ ਕਰ ਕੇ ਉਕਤ ਉਮੀਦਵਾਰ ਦੇ ਹੱਕ ਵਿਚ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਐੱਸ.ਸੀ.ਈ.ਆਰ.ਟੀ. ਨਾਲ ਜੁੜੇ ਡੀ.ਆਰ.ਸੀ., ਬੀ.ਆਰ.ਸੀ. ਅਤੇ ਸੀ.ਆਰ.ਸੀ. ਪੱਧਰ ਦੇ ਕਰਮਚਾਰੀਆਂ ‘ਤੇ ਦਬਾਅ ਬਣਾ ਕੇ ਅਧਿਆਪਕਾਂ ਨੂੰ ਪ੍ਰਭਾਵਿਤ ਕਰਨ ਦੇ ਵੀ ਦੋਸ਼ ਹਨ। ਸ਼ਿਕਾਇਤਕਰਤਾ ਨੇ ਮੰਗ ਕੀਤੀ ਕਿ 20 ਸਤੰਬਰ ਨੂੰ ਹੋਣ ਵਾਲੀ ਇਸ ਚੋਣ ਤੋਂ ਪਹਿਲਾਂ ਕਾਰਵਾਈ ਕੀਤੀ ਜਾਵੇ।
ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ: ਅਹੁਦੇ ਦੀ ਦੁਰਵਰਤੋਂ ਖ਼ਿਲਾਫ਼ ਸ਼ਿਕਾਇਤ ਮੁੱਖ ਮੰਤਰੀ ਦਫ਼ਤਰ ਪੁੱਜੀ

