ਚੰਡੀਗੜ੍ਹ, 18 ਅਪ੍ਰੈਲ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਨਗਰ ਨਿਗਮ ਤੇ ਕੌਂਸਲ ਚੋਣਾਂ ਦੀ ਤਿਆਰੀ ਤਹਿਤ ਵਾਰਡਾਂ ਦੇ ਰਾਖਵੇਂਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਥਾਨਕ ਸਰਕਾਰਾਂ ਵਿਭਾਗ ਨੇ 33 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਵਾਰਡਾਂ ਦੇ ਰਾਖਵੇਂਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਮਈ ਮਹੀਨੇ ‘ਚ ਸੂਬੇ ਦੀਆਂ ਨੌਂ ਨਗਰ ਨਿਗਮਾਂ ਅਤੇ 104 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣ ਦੀ ਸੰਭਾਵਨਾ ਹੈ। ਸੂਬਾ ਸਰਕਾਰ ਨੇ ਇਨ੍ਹਾਂ ਨਿਗਮਾਂ ਤੇ ਕੌਂਸਲਾਂ ਦੇ ਪ੍ਰਸ਼ਾਸਕ ਪਹਿਲਾਂ ਹੀ ਨਿਯੁਕਤ ਕਰ ਦਿੱਤੇ ਸਨ, ਤਾਂ ਜੋ ਮਿਆਦ ਪੂਰੀ ਹੋਣ ਮਗਰੋਂ ਅਹੁਦੇ ਸੰਭਾਲ ਸਕਣ।
ਸਥਾਨਕ ਸਰਕਾਰਾਂ ਵਿਭਾਗ ਨੇ ਪੰਜਾਬ ਮਿਊਂਸੀਪਲ ਐਕਟ 1911 ਅਤੇ ਮਿਊਂਸੀਪੈਲਿਟੀ ਰੂਲਜ਼ 1994 ਤਹਿਤ ਸ਼ਹਿਰੀ ਸੰਸਥਾਵਾਂ ਦੇ ਵਾਰਡਾਂ ਦਾ ਰਾਖਵਾਂਕਰਨ ਐਲਾਨਿਆ ਹੈ। ਵਾਰਡਾਂ ਨੂੰ ਜਨਰਲ ਵਰਗ, ਔਰਤਾਂ, ਐੱਸ.ਸੀ. ਔਰਤਾਂ ਲਈ, ਪਛੜੀਆਂ ਅਤੇ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਕੀਤਾ ਗਿਆ ਹੈ। ਦੂਸਰੀ ਤਰਫ਼ ਰਾਜ ਚੋਣ ਕਮਿਸ਼ਨ ਦੀ ਹਦਾਇਤ ‘ਤੇ ਜ਼ਿਲ੍ਹਿਆਂ ‘ਚ ਵੋਟਰ ਸੂਚੀਆਂ ਦੀ ਸੁਧਾਈ ਚੱਲ ਰਹੀ ਹੈ। ਡਰਾਫ਼ਟ ਵੋਟਰ ਸੂਚੀ ‘ਤੇ ਇਤਰਾਜ਼ ਲਈ ਅੱਜ ਤੋਂ ਇਤਰਾਜ਼ ਦਾਇਰ ਕਰਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ।
ਵੋਟਰ ਸੂਚੀਆਂ ਦੀ ਪ੍ਰਕਾਸ਼ਨਾ 5 ਮਈ ਨੂੰ ਜਾਰੀ ਹੋਵੇਗੀ, ਜਿਨ੍ਹਾਂ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਵਾਰਡਾਂ ਦਾ ਰਾਖਵਾਂਕਰਨ ਮੁਕੰਮਲ ਹੋ ਗਿਆ ਹੈ, ਉਨ੍ਹਾਂ ‘ਚ ਅਜਨਾਲਾ, ਅਮਰਗੜ੍ਹ, ਭਵਾਨੀਗੜ੍ਹ, ਬੋਹਾ, ਚਮਕੌਰ ਸਾਹਿਬ, ਦੀਨਾਨਗਰ, ਫ਼ਤਹਿਗੜ੍ਹ ਚੂੜੀਆਂ, ਫ਼ਾਜ਼ਿਲਕਾ, ਗੁਰਦਾਸਪੁਰ, ਗੁਰੂ ਹਰਸਹਾਇ, ਜੰਡਿਆਲਾ ਗੁਰੂ, ਕਰਤਾਰਪੁਰ, ਖਰੜ, ਕੀਰਤਪੁਰ ਸਾਹਿਬ, ਕੋਟਫੱਤਾ, ਕੋਟਕਪੂਰਾ, ਮਜੀਠਾ, ਮਲੂਕਾ, ਮਾਨਸਾ, ਮੁੱਦਕੀ, ਨਾਭਾ, ਨੰਗਲ, ਨਵਾਂ ਸ਼ਹਿਰ, ਕਾਦੀਆਂ, ਰਾਮਾਂ, ਰਮਦਾਸ, ਰੂਪਨਗਰ, ਸੰਗਤ, ਸ਼ਾਮ ਚੁਰਾਸੀ, ਸ੍ਰੀ ਹਰਗੋਬਿੰਦਪੁਰ, ਸ੍ਰੀ ਮੁਕਤਸਰ ਸਾਹਿਬ, ਤਲਵੰਡੀ ਭਾਈ ਅਤੇ ਜ਼ੀਰਕਪੁਰ ਸ਼ਾਮਲ ਹਨ।
ਸ੍ਰੀ ਮੁਕਤਸਰ ਸਾਹਿਬ ਕੌਂਸਲ ਅਤੇ ਜ਼ੀਰਕਪੁਰ ਕੌਂਸਲ ਦੇ ਵਾਰਡਾਂ ਦੀ ਗਿਣਤੀ 31-31 ਹੈ, ਜਦੋਂ ਕਿ ਗੁਰਦਾਸਪੁਰ ਅਤੇ ਕੋਟਕਪੂਰਾ ਕੌਂਸਲ ਦੇ ਵਾਰਡਾਂ ਦੀ ਗਿਣਤੀ 29-29 ਹੈ। ਇਸੇ ਤਰ੍ਹਾਂ ਮਾਨਸਾ ਦੇ 27 ਵਾਰਡ, ਫ਼ਾਜ਼ਿਲਕਾ ਦੇ 25 ਵਾਰਡ, ਨਾਭਾ ਦੇ 23 ਵਾਰਡ, ਰੂਪਨਗਰ ਦੇ 21 ਅਤੇ ਖਰੜ ਦੇ ਵਾਰਡਾਂ ਦੀ ਗਿਣਤੀ 27 ਹੈ। ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਸਿਆਸੀ ਧਿਰਾਂ ਲਈ ਸੈਮੀ ਫਾਈਨਲ ਸਾਬਤ ਹੋਣਗੀਆਂ। ਪੰਚਾਇਤੀ ਚੋਣਾਂ ਦਾ ਕਾਰਜ ਸਰਕਾਰ ਪਹਿਲਾਂ ਹੀ ਮੁਕੰਮਲ ਕਰ ਚੁੱਕੀ ਹੈ।
ਪੰਜਾਬ ‘ਚ ਨਗਰ ਨਿਗਮ ਤੇ ਕੌਂਸਲ ਚੋਣਾਂ: 33 ਸ਼ਹਿਰਾਂ ਦੇ ਵਾਰਡਾਂ ਦਾ ਰਾਖਵਾਂਕਰਨ ਜਾਰੀ

