-ਫੋਰਬਸ ਦੀ ਤਾਜ਼ਾ ਰੈਕਿੰਗ ‘ਚ ਭਾਰਤ ਦੇ ਮੁਕੇਸ਼ ਅੰਬਾਨੀ ਨੂੰ ਪਛਾੜਿਆ
ਨਵੀਂ ਦਿੱਲੀ, 4 ਜੂਨ (ਪੰਜਾਬ ਮੇਲ)- ਦੁਨੀਆਂ ਦੀ ਟੈਕ ਇੰਡਸਟਰੀ ਵਿਚ ਇੱਕ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਹੈ। ਟਿਕਟਾਕ ਬਣਾਉਣ ਵਾਲੀ ਕੰਪਨੀ ਬਾਈਟਡਾਂਸ ਦੇ ਸੰਸਥਾਪਕ ਝਾਂਗ ਯਿਮਿੰਗ ਨੇ ਦੌਲਤ ਦੇ ਮਾਮਲੇ ਵਿਚ ਭਾਰਤੀ ਦਿੱਗਜ ਕਾਰੋਬਾਰੀ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਦਿੱਤਾ ਹੈ। ਫੋਰਬਸ ਦੀ ਤਾਜ਼ਾ ਰੈਂਕਿੰਗ ਅਨੁਸਾਰ ਝਾਂਗ ਯਿਮਿੰਗ ਹੁਣ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।
ਤਾਜ਼ਾ ਅੰਕੜਿਆਂ ਮੁਤਾਬਕ ਝਾਂਗ ਯਿਮਿੰਗ ਦੀ ਕੁੱਲ ਨੈੱਟਵਰਥ 92.8 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਦੂਜੇ ਪਾਸੇ, ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਨੈੱਟਵਰਥ 86.9 ਬਿਲੀਅਨ ਡਾਲਰ ਹੈ। ਹਾਲਾਂਕਿ, ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਵਿਚ ਹਾਲੇ ਵੀ ਭਾਰਤ ਦੇ ਗੌਤਮ ਅਡਾਨੀ ਪਹਿਲੇ ਨੰਬਰ ‘ਤੇ ਕਾਬਜ਼ ਹਨ, ਜਿਨ੍ਹਾਂ ਦੀ ਜਾਇਦਾਦ 117.4 ਬਿਲੀਅਨ ਡਾਲਰ ਹੈ।
ਝਾਂਗ ਯਿਮਿੰਗ ਦੀ ਸਫਲਤਾ ਦੀ ਕਹਾਣੀ ਬੇਹੱਦ ਪ੍ਰੇਰਨਾਦਾਇਕ ਹੈ। ਉਨ੍ਹਾਂ ਦਾ ਜਨਮ ਚੀਨ ਵਿਚ ਇੱਕ ਸਾਧਾਰਨ ਪਰਿਵਾਰ ਵਿਚ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਸਾਧਾਰਨ ਸਾਫਟਵੇਅਰ ਇੰਜੀਨੀਅਰ ਵਜੋਂ ਕੀਤੀ ਸੀ। ਕਿਹਾ ਜਾਂਦਾ ਹੈ ਕਿ ਸ਼ੁਰੂਆਤੀ ਦਿਨਾਂ ਵਿਚ ਉਹ ਇੱਕ ਚਾਰ ਕਮਰਿਆਂ ਦੇ ਫਲੈਟ ਵਿਚ ਰਹਿੰਦੇ ਸਨ, ਜਿੱਥੋਂ ਉਨ੍ਹਾਂ ਨੇ ਆਪਣੇ ਸੁਪਨਿਆਂ ਦੀ ਉਡਾਣ ਸ਼ੁਰੂ ਕੀਤੀ।
ਝਾਂਗ ਨੇ 2012 ‘ਚ ਬਾਈਟਡਾਂਸ ਨਾਮ ਦੀ ਕੰਪਨੀ ਸ਼ੁਰੂ ਕੀਤੀ। ਉਨ੍ਹਾਂ ਦਾ ਪਹਿਲਾ ਵੱਡਾ ਉਤਪਾਦ ‘“outiao’ ਨਾਮਕ ਇੱਕ ਨਿਊਜ਼ ਐਪ ਸੀ, ਜੋ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਐਲਗੋਰਿਦਮ ਰਾਹੀਂ ਯੂਜ਼ਰਸ ਨੂੰ ਉਨ੍ਹਾਂ ਦੀ ਪਸੰਦ ਦੀਆਂ ਖ਼ਬਰਾਂ ਦਿਖਾਉਂਦੀ ਸੀ। ਇਸੇ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਟਿਕਟਾਕ ਲਾਂਚ ਕੀਤਾ, ਜਿਸ ਨੇ ਦੁਨੀਆਂ ਭਰ ਵਿਚ ਸ਼ਾਰਟ ਵੀਡੀਓ ਦਾ ਟ੍ਰੈਂਡ ਸ਼ੁਰੂ ਕਰ ਦਿੱਤਾ। ਅੱਜ ਇੰਸਟਾਗ੍ਰਾਮ ਵਰਗੇ ਵੱਡੇ ਪਲੇਟਫਾਰਮ ਵੀ ਟਿਕਟਾਕ ਦੇ ਫੀਚਰਸ ਨੂੰ ਕਾਪੀ ਕਰ ਰਹੇ ਹਨ।
ਇੰਨੀ ਵੱਡੀ ਸਫਲਤਾ ਅਤੇ ਦੌਲਤ ਦੇ ਬਾਵਜੂਦ, ਝਾਂਗ ਯਿਮਿੰਗ ਹਮੇਸ਼ਾ ਲੋ-ਪ੍ਰੋਫਾਈਲ ਰਹਿਣਾ ਪਸੰਦ ਕਰਦੇ ਹਨ। ਉਨ੍ਹਾਂ ਨੇ 2021 ਵਿਚ ਬਾਈਟਡਾਂਸ ਦੇ ਸੀ.ਈ.ਓ. ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ, ਤਾਂ ਜੋ ਉਹ ਕੰਪਨੀ ਦੀ ਲੰਬੇ ਸਮੇਂ ਦੀ ਰਣਨੀਤੀ ‘ਤੇ ਧਿਆਨ ਕੇਂਦਰਿਤ ਕਰ ਸਕਣ। ਅੱਜ ਉਨ੍ਹਾਂ ਦੀ ਕੰਪਨੀ ਦੁਨੀਆਂ ਦੀਆਂ ਸਭ ਤੋਂ ਕੀਮਤੀ ਪ੍ਰਾਈਵੇਟ ਟੈਕ ਕੰਪਨੀਆਂ ਵਿਚੋਂ ਇੱਕ ਹੈ।
ਟਿਕਟਾਕ ਫਾਊਂਡਰ ਬਣੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ

