ਵਾਸ਼ਿੰਗਟਨ, 13 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਦੱਸਿਆ ਹੈ ਕਿ ‘ਬਰਥ ਟੂਰਿਜ਼ਮ’ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ 600 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਸਰਕਾਰ ਅਨੁਸਾਰ ਇਹ ਕਦਮ ਦੇਸ਼ ਦੇ ਵੀਜ਼ਾ ਨਿਯਮਾਂ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ।
ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਅਨੁਸਾਰ ਅਮਰੀਕਾ ਦੀ ਧਰਤੀ ‘ਤੇ ਪੈਦਾ ਹੋਣ ਵਾਲੇ ਕਿਸੇ ਵੀ ਬੱਚੇ ਨੂੰ ਉੱਥੋਂ ਦੀ ਨਾਗਰਿਕਤਾ ਮਿਲ ਜਾਂਦੀ ਹੈ। ਇਸ ਦਾ ਫਾਇਦਾ ਉਠਾਉਣ ਲਈ ਕਈ ਵਿਦੇਸ਼ੀ ਨਾਗਰਿਕ ਸਿਰਫ਼ ਬੱਚੇ ਨੂੰ ਜਨਮ ਦੇਣ ਦੇ ਮਕਸਦ ਨਾਲ ਗੈਰ-ਪ੍ਰਵਾਸੀ ਵੀਜ਼ੇ ‘ਤੇ ਅਮਰੀਕਾ ਆਉਂਦੇ ਹਨ, ਜਿਸ ਨੂੰ ‘ਬਰਥ ਟੂਰਿਜ਼ਮ’ ਕਿਹਾ ਜਾਂਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 6 ਅਗਸਤ ਨੂੰ ਜਾਰੀ ਕੀਤੇ ਗਏ ਇੱਕ ਕਾਰਜਕਾਰੀ ਹੁਕਮ ਤੋਂ ਬਾਅਦ ਇਹ ਸਖ਼ਤੀ ਸ਼ੁਰੂ ਹੋਈ ਹੈ।
ਸਟੇਟ ਡਿਪਾਰਟਮੈਂਟ ਨੇ ‘ਬਰਥ ਟੂਰਿਜ਼ਮ ਪ੍ਰੀਵੈਂਸ਼ਨ ਟਾਸਕ ਫੋਰਸ’ ਦਾ ਗਠਨ ਕੀਤਾ ਹੈ। ਇਹ ਟਾਸਕ ਫੋਰਸ ਦੁਨੀਆਂ ਭਰ ਵਿਚ ਵੀਜ਼ਾ ਧਾਰਕਾਂ ਦੀਆਂ ਗਤੀਵਿਧੀਆਂ ਅਤੇ ਉਨ੍ਹਾਂ ਦੇ ਸਫ਼ਰ ਦੇ ਇਤਿਹਾਸ ਦੀ ਜਾਂਚ ਕਰਦੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਸੇ ਨੇ ਸਿਰਫ਼ ਬੱਚੇ ਨੂੰ ਜਨਮ ਦੇਣ ਲਈ ਤਾਂ ਸਫ਼ਰ ਨਹੀਂ ਕੀਤਾ। ਇਹ ਵਿਦੇਸ਼ ਵਿਭਾਗ, ਗ੍ਰਹਿ ਸੁਰੱਖਿਆ ਵਿਭਾਗ ਅਤੇ ਹੋਰ ਸੰਘੀ ਏਜੰਸੀਆਂ ਦੁਆਰਾ ਰੱਖੀ ਗਈ ਜਾਣਕਾਰੀ ਦਾ ਵੀ ਵਿਸ਼ਲੇਸ਼ਣ ਕਰਦੀ ਹੈ। ਇਸਦਾ ਕੰਮ ਬਰਥ ਟੂਰਿਜ਼ਮ ਦੀ ਪਛਾਣ ਕਰਨਾ, ਵੀਜ਼ਾ ਰੱਦ ਕਰਨਾ ਅਤੇ ਇਸ ਅਭਿਆਸ ਤੋਂ ਲਾਭ ਉਠਾਉਣ ਵਾਲੇ ਨੈੱਟਵਰਕਾਂ ਨੂੰ ਖਤਮ ਕਰਨਾ ਹੈ।
ਜਾਂਚ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਲੋਕਾਂ ਨੇ ਵੀਜ਼ਾ ਲੈਣ ਲਈ ਝੂਠ ਦਾ ਸਹਾਰਾ ਲਿਆ। ਇੱਕ ਵਿਦੇਸ਼ੀ ਸਰਕਾਰੀ ਮਹਿਲਾ ਅਧਿਕਾਰੀ ਨੇ ਇੱਕ ਹਫ਼ਤੇ ਦੇ ਅਧਿਕਾਰਤ ਦੌਰੇ ਲਈ ਵੀਜ਼ਾ ਲਿਆ, ਪਰ ਉਹ ਤਿੰਨ ਮਹੀਨੇ ਰੁਕੀ ਅਤੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਵਾਪਸ ਗਈ। ਹੁਣ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇੱਕ ਜੋੜੇ ਨੇ ਕਾਨਫਰੰਸ ਅਤੇ ਸ਼ਾਪਿੰਗ ਦਾ ਬਹਾਨਾ ਬਣਾ ਕੇ ਦੋ ਵਾਰ ਅਮਰੀਕਾ ਦੀ ਯਾਤਰਾ ਕੀਤੀ ਅਤੇ ਉੱਥੇ ਦੋ ਬੱਚਿਆਂ ਨੂੰ ਜਨਮ ਦਿੱਤਾ। ਉਨ੍ਹਾਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ ਗਏ ਹਨ। ਇਕ ਹੋਰ ਮਾਮਲੇ ਵਿਚ ਮਹਿਲਾ ਨੇ ਓਰਲੈਂਡੋ ਵਿਚ ਛੁੱਟੀਆਂ ਮਨਾਉਣ ਦੀ ਗੱਲ ਕਹੀ ਪਰ ਉਹ ਲਾਸ ਏਂਜਲਸ ਪਹੁੰਚੀ ਅਤੇ ਪੰਜ ਦਿਨਾਂ ਬਾਅਦ ਬੱਚੇ ਨੂੰ ਜਨਮ ਦੇ ਦਿੱਤਾ। ਉਸਦਾ ਵੀਜ਼ਾ ਵੀ ਰੱਦ ਕਰ ਦਿੱਤਾ ਗਿਆ।
ਰਿਪੋਰਟ ਅਨੁਸਾਰ ਕਈ ਏਜੰਟ ਅਤੇ ਸੰਸਥਾਵਾਂ ਇਸ ਨੂੰ ਇੱਕ ਮੁਨਾਫ਼ੇ ਵਾਲੇ ਕਾਰੋਬਾਰ ਵਜੋਂ ਚਲਾ ਰਹੀਆਂ ਹਨ। ਇਹ ਲੋਕ ਇੰਟਰਨੈੱਟ ‘ਤੇ ”ਆਟੋਮੈਟਿਕ ਨਾਗਰਿਕਤਾ” ਅਤੇ ”ਬਿਨਾਂ ਸਰਹੱਦਾਂ ਵਾਲਾ ਭਵਿੱਖ” ਵਰਗੇ ਇਸ਼ਤਿਹਾਰ ਦੇ ਕੇ ਗਾਹਕਾਂ ਨੂੰ ਲੁਭਾਉਂਦੇ ਹਨ। ਕਈ ਵਾਰ ਇਹ ਏਜੰਟ ਗਾਹਕਾਂ ਨੂੰ ਹਸਪਤਾਲ ਦੇ ਬਿੱਲ ਨਾ ਭਰਨ ਅਤੇ ਅਸਲ ਮਕਸਦ ਛੁਪਾਉਣ ਲਈ ਨਕਲੀ ਮੈਡੀਕਲ ਦਸਤਾਵੇਜ਼ ਬਣਾਉਣ ਦੀ ਕੋਚਿੰਗ ਵੀ ਦਿੰਦੇ ਹਨ। ਸਟੇਟ ਡਿਪਾਰਟਮੈਂਟ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਲੋਕਾਂ ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ, ਉਨ੍ਹਾਂ ਦੇ ਵੀਜ਼ੇ ਰੱਦ ਕੀਤੇ ਜਾ ਸਕਦੇ ਹਨ ਅਤੇ ਉਨ੍ਹਾਂ ‘ਤੇ ਹਮੇਸ਼ਾ ਲਈ ਪਾਬੰਦੀ ਵੀ ਲਗਾਈ ਜਾ ਸਕਦੀ ਹੈ।
ਟਰੰਪ ਪ੍ਰਸ਼ਾਸਨ ਵੱਲੋਂ ‘ਬਰਥ ਟੂਰਿਜ਼ਮ’ ਵਿਰੁੱਧ ਵਿੱਢੀ ਮੁਹਿੰਮ ਤਹਿਤ 600 ਤੋਂ ਵੱਧ ਵਿਦੇਸ਼ੀਆਂ ਦੇ ਵੀਜ਼ੇ ਰੱਦ!

