ਸ਼ਿਮਲਾ, 27 ਜੂਨ (ਪੰਜਾਬ ਮੇਲ)- ਉਤਰਾਖੰਡ ਵਿੱਚ ਸਥਾਨਕ ਲੋਕਾਂ ਨਾਲ ਝੜਪ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਆਪਣੇ ਸਾਥੀਆਂ ਦੀ ਰਿਹਾਈ ਦੀ ਉਡੀਕ ਕਰ ਰਹੇ 150 ਨਿਹੰਗ ਸਿੰਘਾਂ ਨੇ ਹਿਮਾਚਲ ਪ੍ਰਦੇਸ਼ ਦੇ ਗੁਰਦੁਆਰਾ ਪਾਉਂਟਾ ਸਾਹਿਬ ਵਿੱਖੇ ਡੇਰਾ ਲਾ ਲਿਆ ਹੈ।
ਸੂਤਰਾਂ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਨਿਹੰਗ ਸਮੂਹਾਂ ਨੇ ਭਵਿੱਖ ਦੀ ਰਣਨੀਤੀ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਅਤੇ ਐਲਾਨ ਕੀਤਾ ਕਿ ਜਦੋਂ ਤੱਕ ਚਾਰ ਗ੍ਰਿਫ਼ਤਾਰ ਮੈਂਬਰਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਹ ਪੰਜਾਬ ਵਾਪਸ ਨਹੀਂ ਜਾਣਗੇ। ਇਸ ਤੋਂ ਪਹਿਲਾਂ ਇੱਕ ਨਿਹੰਗ ਜਥੇ ਨੇ ਵੀਰਵਾਰ ਨੂੰ ਦੇਹਰਾਦੂਨ ਰਾਹੀਂ ਉਤਰਾਖੰਡ ਵਿੱਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜੋ ਕਿ ਸਿਰਫ਼ ਕੁਝ ਕਿਲੋਮੀਟਰ ਦੂਰ ਹੈ। ਉਨ੍ਹਾਂ ਨੇ ਪੁਲੀਸ ਨਾਲ ਵੀ ਝੜਪ ਕੀਤੀ ਜੋ ਉਨ੍ਹਾਂ ਦੇ ਦਾਖਲੇ ਨੂੰ ਰੋਕਣ ਲਈ ਭਾਰੀ ਗਿਣਤੀ ਵਿੱਚ ਤਾਇਨਾਤ ਸੀ।
ਨਿਹੰਗ ਸਿੰਘਾਂ ਵੱਲੋਂ ਉਤਰਾਖੰਡ ਵੱਲ ਆਪਣਾ ਮਾਰਚ ਦੋ ਦਿਨਾਂ ਲਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਹਿਮਾਚਲ-ਉਤਰਾਖੰਡ ਸਰਹੱਦ ‘ਤੇ ਨਿਹੰਗਾਂ ਅਤੇ ਦੇਹਰਾਦੂਨ ਪ੍ਰਸ਼ਾਸਨ ਵਿਚਕਾਰ ਟਕਰਾਅ ਸ਼ੁੱਕਰਵਾਰ ਨੂੰ ਖ਼ਤਮ ਹੋ ਗਿਆ। ਨਿਹੰਗ ਜਥੇ ਦੀ ਅਗਵਾਈ ਕਰ ਰਹੇ ਜਗਦੀਪ ਸਿੰਘ ਅਕਾਲੀ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਉਤਰਾਖੰਡ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ “ਮੰਗਾਂ ਪੂਰੀਆਂ ਕਰਨ” ਲਈ ਦੋ ਦਿਨ ਦਾ ਸਮਾਂ ਮੰਗਿਆ ਹੈ, ਇਸ ਲਈ ਉਤਰਾਖੰਡ ਵਿੱਚ ਰੋਸ ਮਾਰਚ ਦੀ ਯੋਜਨਾ ਨੂੰ ਅਗਲੇ ਦੋ ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

