ਸੈਕਰਾਮੈਂਟੋ, 23 ਮਈ (ਪੰਜਾਬ ਮੇਲ)- ਕੈਲੀਫੋਰਨੀਆ ਦੇ ਔਰੈਂਜ ਕਾਊਂਟੀ ‘ਚ ਇੱਕ ਵੱਡੇ ਰਸਾਇਣਕ ਖਤਰੇ ਕਾਰਨ ਕਰੀਬ 40,000 ਲੋਕਾਂ ਨੂੰ ਆਪਣੇ ਘਰ ਛੱਡਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਐਮਰਜੈਂਸੀ ਗਾਰਡਨ ਗਰੋਵ ਸ਼ਹਿਰ ‘ਚ ਸਥਿਤ ਇੱਕ ਏਅਰੋਸਪੇਸ ਫੈਕਟਰੀ ਵਿਚ ਰਸਾਇਣਕ ਟੈਂਕ ਖਰਾਬ ਹੋਣ ਤੋਂ ਬਾਅਦ ਪੈਦਾ ਹੋਈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਟੈਂਕ ਜਾਂ ਤਾਂ ਫਟ ਸਕਦਾ ਹੈ ਜਾਂ ਫਿਰ ਜ਼ਹਿਰੀਲੇ ਕੈਮੀਕਲ ਨਾਲ ਭਾਰੀ ਰਿਸਾਅ ਹੋ ਸਕਦਾ ਹੈ।
ਅਧਿਕਾਰੀਆਂ ਮੁਤਾਬਕ ਜੀ.ਕੇ.ਐੱਨ. ਏਅਰੋਸਪੇਸ ਫੈਸਿਲਟੀ ਵਿਚ ਮੌਜੂਦ ਇੱਕ ਵੱਡੇ ਟੈਂਕ ਵਿਚ ”ਮੈਥਿਲ ਮੈਥਾਕ੍ਰਾਈਲੇਟ” ਨਾਂ ਦਾ ਬਹੁਤ ਜ਼ਿਆਦਾ ਜਲਣਸ਼ੀਲ ਰਸਾਇਣ ਭਰਿਆ ਹੋਇਆ ਹੈ, ਜੋ ਪਲਾਸਟਿਕ ਅਤੇ ਹਵਾਈ ਜਹਾਜ਼ਾਂ ਦੇ ਪੁਰਜ਼ੇ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਟੈਂਕ ਵੀਰਵਾਰ ਨੂੰ ਜ਼ਿਆਦਾ ਗਰਮ ਹੋ ਗਿਆ ਅਤੇ ਇਸ ਵਿਚੋਂ ਜ਼ਹਿਰੀਲੀ ਗੈਸ ਨਿਕਲਣ ਲੱਗੀ।
ਔਰੇਂਜ ਕਾਉਂਟੀ ਫਾਇਰ ਅਥਾਰਿਟੀ ਦੇ ਅਧਿਕਾਰੀ ਕ੍ਰੇਗ ਕੋਵੇ ਨੇ ਕਿਹਾ ਕਿ ਹੁਣ ਸਥਿਤੀ ਬਹੁਤ ਗੰਭੀਰ ਹੋ ਚੁੱਕੀ ਹੈ। ਉਸਦੇ ਸ਼ਬਦਾਂ ਵਿਚ ”ਹੁਣ ਸਿਰਫ਼ ਦੋ ਹੀ ਸੰਭਾਵਨਾਵਾਂ ਬਚੀਆਂ ਹਨ — ਜਾਂ ਟੈਂਕ ਫੇਲ੍ਹ ਹੋ ਕੇ 6 ਤੋਂ 7 ਹਜ਼ਾਰ ਗੈਲਨ ਖਤਰਨਾਕ ਕੈਮੀਕਲ ਬਾਹਰ ਕੱਢੇਗਾ ਜਾਂ ਫਿਰ ਧਮਾਕੇ ਨਾਲ ਫਟ ਜਾਵੇਗਾ।”
ਸੁਰੱਖਿਆ ਕਾਰਨਾਂ ਕਰਕੇ ਗਾਰਡਨ ਗਰੋਵ ਦੇ ਨਾਲ-ਨਾਲ ਐਨਹਾਈਮ, ਸਾਇਪ੍ਰਸ, ਸਟੈਂਟਨ, ਬੁਏਨਾ ਪਾਰਕ ਅਤੇ ਵੈਸਟਮਿੰਸਟਰ ਦੇ ਕੁਝ ਹਿੱਸਿਆਂ ਵਿਚ ਵੀ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਕਈ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ।
ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਟੈਂਕ ਨੂੰ ਠੰਢਾ ਰੱਖਣ ਲਈ ਰੋਬੋਟਿਕ ਵਾਟਰ ਸਿਸਟਮ ਵਰਤੇ ਜਾ ਰਹੇ ਹਨ, ਤਾਂ ਜੋ ਧਮਾਕੇ ਦਾ ਖਤਰਾ ਘਟਾਇਆ ਜਾ ਸਕੇ। ਇਸ ਦੇ ਨਾਲ ਹੀ ਜੇ ਟੈਂਕ ਲੀਕ ਕਰਦਾ ਹੈ, ਤਾਂ ਕੈਮੀਕਲ ਨੂੰ ਫੈਲਣ ਤੋਂ ਰੋਕਣ ਲਈ ਰੇਤ ਦੀਆਂ ਰੋਕਾਂ ਵੀ ਬਣਾਈਆਂ ਗਈਆਂ ਹਨ।
ਸਿਹਤ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਰਸਾਇਣ ਦੀਆਂ ਗੈਸਾਂ ਨਾਲ ਸਾਹ ਲੈਣ ਵਿਚ ਦਿੱਕਤ, ਅੱਖਾਂ ਵਿਚ ਜਲਣ, ਸਿਰਦਰਦ ਅਤੇ ਉਲਟੀਆਂ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਹੈ ਕਿ ਹੁਣ ਤੱਕ ਹਵਾ ਵਿਚ ਵੱਡੇ ਪੱਧਰ ‘ਤੇ ਜ਼ਹਿਰੀਲੀ ਗੈਸ ਨਹੀਂ ਮਿਲੀ।
ਇਸ ਐਮਰਜੈਂਸੀ ਕਾਰਨ ਹਜ਼ਾਰਾਂ ਲੋਕ ਅਸਥਾਈ ਸ਼ੈਲਟਰਾਂ ਵਿਚ ਪਹੁੰਚਾਏ ਗਏ ਹਨ, ਜਦਕਿ ਕੁਝ ਲੋਕਾਂ ਵੱਲੋਂ ਘਰ ਛੱਡਣ ਤੋਂ ਇਨਕਾਰ ਕਰਨ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖਤਰੇ ਨੂੰ ਗੰਭੀਰਤਾ ਨਾਲ ਲੈਣ ਅਤੇ ਤੁਰੰਤ ਸੁਰੱਖਿਅਤ ਥਾਵਾਂ ਵੱਲ ਚਲੇ ਜਾਣ।
ਕੈਲੀਫੋਰਨੀਆ ‘ਚ ਰਸਾਇਣਕ ਖ਼ਤਰੇ ਕਾਰਨ 40 ਹਜ਼ਾਰ ਲੋਕਾਂ ਨੂੰ ਘਰ ਛੱਡਣ ਦੇ ਹੁਕਮ ਜਾਰੀ
