ਟੋਰਾਂਟੋ, 15 ਮਈ (ਪੰਜਾਬ ਮੇਲ)- ਕੈਨੇਡਾ ਸਰਕਾਰ ਨੇ ਹੁਨਰਮੰਦ ਵਿਦੇਸ਼ੀ ਲੋਕਾਂ ਨੂੰ ਦੇਸ਼ ‘ਚ ਵਸਾਉਣ ਲਈ ਐਕਸਪ੍ਰੈੱਸ ਐਂਟਰੀ ਪ੍ਰਣਾਲੀ ਵਿਚ ਕੁਝ ਮਹੱਤਵਪੂਰਨ ਬਦਲਾਅ ਕੀਤੇ ਹਨ। ਹੁਣ ਕਈ ਖੇਤਰਾਂ ਵਿਚ ਕੰਮ ਕਰਨ ਵਾਲੇ ਪੇਸ਼ੇਵਰਾਂ ਲਈ ਪੱਕੀ ਰਿਹਾਇਸ਼ (ਪੀ.ਆਰ.) ਹਾਸਲ ਕਰਨਾ ਹੋਰ ਵੀ ਆਸਾਨ ਹੋ ਸਕਦਾ ਹੈ।
ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਉਨ੍ਹਾਂ ਲੋਕਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜੋ ਸਿਹਤ, ਸਿੱਖਿਆ, ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਆਵਾਜਾਈ ਅਤੇ ਹੁਨਰਮੰਦ ਕਿੱਤਿਆਂ ਨਾਲ ਜੁੜੇ ਹਨ। ਫ੍ਰੈਂਚ ਭਾਸ਼ਾ ਜਾਣਨ ਵਾਲੇ ਅਤੇ ਕੈਨੇਡਾ ਵਿਚ ਕੰਮ ਦਾ ਤਜ਼ਰਬਾ ਰੱਖਣ ਵਾਲੇ ਲੋਕਾਂ ਲਈ ਵੀ ਮੌਕੇ ਵਧੇ ਹਨ।
ਕੈਨੇਡਾ ਸਰਕਾਰ ਵੱਲੋਂ ‘ਕੈਟੇਗਰੀ-ਬੇਸਡ’ ਡਰਾਅ ਰਾਹੀਂ ਇਨ੍ਹਾਂ ਪੇਸ਼ਾਵਰਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਤਾਂ ਜੋ ਦੇਸ਼ ਵਿਚ ਮਜ਼ਦੂਰਾਂ ਦੀ ਘਾਟ ਪੂਰੀ ਕੀਤੀ ਜਾ ਸਕੇ।
11 ਮਈ 2026 ਨੂੰ ਹੋਏ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ (ਪੀ.ਐੱਨ.ਪੀ.) ਡਰਾਅ ਵਿਚ 380 ਉਮੀਦਵਾਰਾਂ ਨੂੰ ਪੀ.ਆਰ. ਲਈ ਅਰਜ਼ੀ ਦੇਣ ਦੇ ਸੱਦਾ ਪੱਤਰ ਜਾਰੀ ਕੀਤੇ ਗਏ। ਇਸ ਡਰਾਅ ਵਿਚ ਸਭ ਤੋਂ ਘੱਟ ਚੁਣੇ ਗਏ ਉਮੀਦਵਾਰ ਦਾ ਕੰਪਰੀਹੈਂਸਿਵ ਰੈਂਕਿੰਗ ਸਿਸਟਮ (ਸੀ.ਆਰ.ਐੱਸ.) ਸਕੋਰ 798 ਰਿਹਾ।
ਜੇ ਤੁਸੀਂ ਵੀ ਇਨ੍ਹਾਂ ਖੇਤਰਾਂ ਵਿਚ ਮਾਹਿਰ ਹੋ, ਤਾਂ ਕੈਨੇਡਾ ਦੀ ਐਕਸਪ੍ਰੈਸ ਐਂਟਰੀ ਤੁਹਾਡੇ ਲਈ ਪੀ.ਆਰ. ਦਾ ਵਧੀਆ ਮੌਕਾ ਬਣ ਸਕਦੀ ਹੈ।
ਕੈਨੇਡਾ ਨੇ ਐਕਸਪ੍ਰੈੱਸ ਐਂਟਰੀ ਰਾਹੀਂ ਪੀ.ਆਰ. ਦਾ ਰਸਤਾ ਕੀਤਾ ਆਸਾਨ!

