ਓਨਟਾਰੀਓ, 27 ਜੁਲਾਈ (ਪੰਜਾਬ ਮੇਲ)- ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਿਸ ਨੇ ਲਗਭਗ 1.7 ਟਨ (1,700 ਕਿਲੋਗ੍ਰਾਮ) ਨਸ਼ੀਲੇ ਪਦਾਰਥ ਜ਼ਬਤ ਕਰਦਿਆਂ 19 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੇ ਗਏ ਨਸ਼ੇ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਲਗਭਗ 9.7 ਕਰੋੜ ਅਮਰੀਕੀ ਡਾਲਰ (ਕਰੀਬ 900 ਕਰੋੜ ਰੁਪਏ) ਦੱਸੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਨੌਜਵਾਨ ਪੰਜਾਬੀ ਦੱਸੇ ਜਾ ਰਹੇ ਹਨ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਨੁਸਾਰ, ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਚਲਾਏ ਗਏ ਅਪ੍ਰੇਸ਼ਨ ‘ਪ੍ਰੋਜੈਕਟ ਬੇਅ’ ਰਾਹੀਂ ਇੱਕ ਅਜਿਹੇ ਅੰਤਰਰਾਸ਼ਟਰੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ, ਜੋ ਕਮਰਸ਼ੀਅਲ ਟਰੱਕਾਂ ਰਾਹੀਂ ਕੈਨੇਡਾ-ਅਮਰੀਕਾ ਸਰਹੱਦ ਤੋਂ ਨਸ਼ਾ ਸਪਲਾਈ ਕਰਦਾ ਸੀ।
ਪੁਲਿਸ ਮੁਤਾਬਕ, ਨੈੱਟਵਰਕ ਵਿਚ ਸ਼ਾਮਲ ਕਈ ਟਰੱਕ ਡਰਾਈਵਰ ਸਮਾਨ ਦੀ ਆੜ ਵਿਚ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਸਨ। ਮਾਮਲੇ ‘ਚ 19 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ 2 ਦੋਸ਼ੀ ਅਜੇ ਵੀ ਫਰਾਰ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗਗਨਦੀਪ ਥਿੰਦਲ (27), ਸਿਮਰਨਜੀਤ ਸਿੰਘ (32), ਕੰਵਰਪਾਲ ਕੁਲਾਰ (32), ਜਤਿੰਦਰਪਾਲ ਸਿੰਘ (39), ਜਸਵਿੰਦਰ ਸੋਹੀ (55), ਤੇਜਵਿੰਦਰ ਸੰਧੂ (29), ਹਰਜਵਿੰਦਰ ਸੰਧੂ (33), ਹਨਿੰਦਰਪਾਲ ਗਰੇਵਾਲ (34), ਤਰਮਿੰਦਰ ਸਿੰਘ (19), ਅਵਤਾਰ ਸਹੋਤਾ (54), ਗੁਨਦੀਪ ਤਾਰੀਵਾਲ (32), ਮਹਿਕਪ੍ਰੀਤ ਸਿੰਘ (24) ਅਤੇ ਕਰਨਦੀਪ ਸਿੰਘ (27) ਸ਼ਾਮਲ ਹਨ।
ਪੁਲਿਸ ਨੇ ਜਾਂਚ ਦੌਰਾਨ 22 ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ 973 ਕਿਲੋਗ੍ਰਾਮ ਕੋਕੀਨ, 660 ਕਿਲੋਗ੍ਰਾਮ ਮੈਥਾਮਫੇਟਾਮਾਈਨ, 49 ਕਿਲੋਗ੍ਰਾਮ ਅਫ਼ੀਮ, 230 ਆਕਸੀਕੋਡੋਨ ਗੋਲੀਆਂ, 17 ਹਥਿਆਰ, ਨਕਦੀ, ਗਹਿਣੇ, ਮੋਬਾਈਲ ਫੋਨ, ਲੈਪਟਾਪ ਅਤੇ ਇੱਕ ਵਾਹਨ ਜ਼ਬਤ ਕੀਤਾ ਹੈ। ਪੁਲਿਸ ਅਨੁਸਾਰ ਇਹ ਜਾਂਚ ਜਨਵਰੀ 2025 ਵਿਚ ਸ਼ੁਰੂ ਹੋਈ ਸੀ, ਜਦੋਂ ਵਿੰਡਸਰ ਪੁਲਿਸ ਸਰਵਿਸ ਨੇ ਸਰਹੱਦੀ ਖੇਤਰ ਵਿਚ ਨਸ਼ਾ ਤਸਕਰੀ ਦੇ ਇੱਕ ਮਾਮਲੇ ਦੀ ਜਾਂਚ ਆਰੰਭੀ ਸੀ।
ਕੈਨੇਡਾ ‘ਚ 9.7 ਕਰੋੜ ਅਮਰੀਕੀ ਡਾਲਰ ਦੇ ਨਸ਼ੀਲੇ ਪਦਾਰਥਾਂ ਸਮੇਤ ਕਈ ਪੰਜਾਬੀ ਨੌਜਵਾਨ ਗ੍ਰਿਫਤਾਰ!

