#CANADA

ਕੈਨੇਡਾ ‘ਚ ਸਿੱਖ ਵਿਅਕਤੀ ‘ਤੇ ਨਸਲੀ ਹਮਲਾ!

-ਅਣਪਛਾਤੇ ਵਿਅਕਤੀ ਨੇ ਚਾਕੂ ਮਾਰ ਕੇ ਕੀਤਾ ਜ਼ਖ਼ਮੀ
ਟੋਰਾਂਟੋ, 3 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਇੱਕ ਸਿੱਖ ਵਿਅਕਤੀ ‘ਤੇ ਨਸਲੀ ਨਫ਼ਰਤ ਤੋਂ ਪ੍ਰੇਰਿਤ ਹਮਲਾ ਹੋਣ ਦਾ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਸ਼ਨੀਵਾਰ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਇੱਕ ਸਿੱਖ ਵਿਅਕਤੀ ‘ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਟੋਰਾਂਟੋ ਪੁਲਿਸ ਨੇ ਸੋਮਵਾਰ ਨੂੰ ਇਸ ਮਾਮਲੇ ਸੰਬੰਧੀ ਇੱਕ ਬਿਆਨ ਜਾਰੀ ਕਰਦਿਆਂ ਸ਼ੱਕੀ ਹਮਲਾਵਰ ਦੀ ਤਸਵੀਰ ਸਾਂਝੀ ਕੀਤੀ ਹੈ ਅਤੇ ਉਸ ਦੀ ਪਛਾਣ ਕਰਨ ਲਈ ਆਮ ਲੋਕਾਂ ਤੋਂ ਮਦਦ ਮੰਗੀ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਹਮਲਾਵਰ ਦਾ ਕੱਦ ਲਗਭਗ 5 ਫੁੱਟ 6 ਇੰਚ ਹੈ ਅਤੇ ਉਸ ਦੇ ਵਾਲ ਕਾਲੇ ਹਨ। ਇਸ ਪੂਰੀ ਘਟਨਾ ਨੂੰ ਨਸਲੀ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਇਸ ਦੀ ਜਾਂਚ ਪੁਲਿਸ ਦੀ ‘ਹੇਟ ਕ੍ਰਾਈਮ ਯੂਨਿਟ’ ਵੱਲੋਂ ਕੀਤੀ ਜਾ ਰਹੀ ਹੈ।
ਟੋਰਾਂਟੋ ਪੁਲਿਸ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਸ਼ੱਕੀ ਹਮਲਾਵਰ ਨੇ ਬਿਨਾਂ ਕਿਸੇ ਉਕਸਾਹਟ ਦੇ ਪੀੜਤ ਸਿੱਖ ਵਿਅਕਤੀ ਅਤੇ ਇੱਕ ਗਵਾਹ ਕੋਲ ਪਹੁੰਚ ਕੇ ਉਨ੍ਹਾਂ ਨਾਲ ਗੱਲਬਾਤ ਸ਼ੁਰੂ ਕੀਤੀ। ਇਸ ਦੌਰਾਨ ਹਮਲਾਵਰ ਨੇ ਸਿੱਖ ਵਿਰੋਧੀ ਅਤੇ ਨਸਲੀ ਟਿੱਪਣੀਆਂ ਕੀਤੀਆਂ। ਇਸ ਤੋਂ ਬਾਅਦ ਉਸ ਨੇ ਤੇਜ਼ਧਾਰ ਹਥਿਆਰ (ਚਾਕੂ) ਨਾਲ ਸਿੱਖ ਵਿਅਕਤੀ ‘ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਸਿੱਖ ਵਿਅਕਤੀ ਦੇ ਪੱਟ ‘ਤੇ ਚਾਕੂ ਵੱਜਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਉਸ ਦੇ ਜ਼ਖ਼ਮ ਜਾਨਲੇਵਾ ਨਹੀਂ ਹਨ।
ਕੈਨੇਡੀਅਨ ਕਾਨੂੰਨ ਅਨੁਸਾਰ ਅਜਿਹੇ ਮਾਮਲਿਆਂ ਵਿਚ ਦੋਸ਼ੀ ਸਾਬਤ ਹੋਣ ‘ਤੇ ਜੱਜ ਸਖ਼ਤ ਸਜ਼ਾ ਸੁਣਾਉਂਦਾ ਹੈ। ਇਹ ਘਟਨਾ ਕੈਨੇਡਾ ਵਿਚ ਭਾਰਤੀ ਮੂਲ ਦੇ ਲੋਕਾਂ ‘ਤੇ ਹੋ ਰਹੇ ਨਸਲੀ ਅਤੇ ਜ਼ਬਾਨੀ ਹਮਲਿਆਂ ਦੀ ਲੜੀ ਦਾ ਹਿੱਸਾ ਹੈ। ਕੈਨੇਡਾ ਵਿਚ ਪਿਛਲੇ ਕੁਝ ਸਮੇਂ ਤੋਂ ਪ੍ਰਵਾਸੀਆਂ ਦੇ ਵਿਰੁੱਧ ਨਫ਼ਰਤ ਦੀ ਭਾਵਨਾ ਬਹੁਤ ਤੇਜ਼ੀ ਨਾਲ ਵਧੀ ਹੈ। ਇਸ ਦਾ ਮੁੱਖ ਕਾਰਨ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਨੀਤੀਆਂ ਨੂੰ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਦੇ ਸ਼ਾਸਨਕਾਲ ਦੌਰਾਨ ਰਿਕਾਰਡ ਗਿਣਤੀ ਵਿਚ ਪ੍ਰਵਾਸੀ ਕੈਨੇਡਾ ਵਿਚ ਆਏ ਸਨ। ਕਿਉਂਕਿ ਕੈਨੇਡਾ ਵਿਚ ਆਉਣ ਵਾਲੇ ਪ੍ਰਵਾਸੀਆਂ ‘ਚ ਭਾਰਤ ਸਭ ਤੋਂ ਵੱਡਾ ਸਰੋਤ ਦੇਸ਼ ਹੈ, ਇਸ ਲਈ ਭਾਰਤੀ ਲੋਕਾਂ ਨੂੰ ਸਭ ਤੋਂ ਵੱਧ ਇਸ ਨਕਾਰਾਤਮਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਭਾਰਤੀਆਂ ਵਿਚੋਂ ਵੀ ਸਿੱਖ ਭਾਈਚਾਰਾ ਆਪਣੀ ਵੱਖਰੀ ਅਤੇ ਸਪੱਸ਼ਟ ਪਛਾਣ (ਸਰੂਪ) ਦੇ ਕਾਰਨ ਇਸ ਨਫ਼ਰਤ ਦਾ ਸਭ ਤੋਂ ਪਹਿਲਾ ਅਤੇ ਸਭ ਤੋਂ ਵੱਧ ਸ਼ਿਕਾਰ ਹੋ ਰਿਹਾ ਹੈ। ਇਸ ਸਥਿਤੀ ਨੂੰ ਹੋਰ ਖ਼ਰਾਬ ਕਰਨ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਪ੍ਰਵਾਸੀਆਂ ਦੇ ਵਿਰੁੱਧ ਕੀਤੀ ਗਈ ਤਿੱਖੀ ਬਿਆਨਬਾਜ਼ੀ ਦੇ ਪ੍ਰਭਾਵ ਨੂੰ ਵੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।