ਪੈਸੇ ਨਾ ਦੇਣ ‘ਤੇ ਗੈਂਗਸਟਰ ਦੇ ਰਹੇ ਜਾਨੋਂ ਮਾਰਨ ਦੀਆਂ ਧਮਕੀਆਂ
ਵੈਨਕੂਵਰ, 19 ਨਵੰਬਰ (ਪੰਜਾਬ ਮੇਲ)- ਕੈਨੇਡਾ ‘ਚ ਜਬਰੀ ਵਸੂਲੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਵਾਰ ਵਕੀਲਾਂ ਨੂੰ ਗੈਂਗਸਟਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਨ੍ਹਾਂ ਤੋਂ ਮੋਟੀਆਂ ਰਕਮਾਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਜੇਕਰ ਉਹ ਪੈਸੇ ਨਹੀਂ ਦਿੰਦੇ ਹਨ, ਤਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਥਿਤ ਅਪਰਾਧੀ ਸਿਰਫ਼ ਸਥਾਨਕ ਗੁੰਡੇ ਨਹੀਂ ਹਨ। ਉਨ੍ਹਾਂ ਵਿਚ ਭਾਰਤ ਦੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਨੈੱਟਵਰਕ ਸ਼ਾਮਲ ਹਨ। ਹਾਲ ਹੀ ਵਿਚ ਕੈਨੇਡੀਅਨ ਸਰਕਾਰ ਨੇ ਅਜਿਹੇ ਅਪਰਾਧੀਆਂ ਦੀ ਇਕ ਸੂਚੀ ਤਿਆਰ ਕੀਤੀ ਹੈ, ਜਿਸ ਵਿਚ ਕਤਲ, ਅੱਗਜ਼ਨੀ, ਜਬਰੀ ਵਸੂਲੀ ਅਤੇ ਡਰਾਉਣ-ਧਮਕਾਉਣ ਦੇ ਪੈਟਰਨ ਦਾ ਵੇਰਵਾ ਦਿੱਤਾ ਗਿਆ ਹੈ।
ਰਿਪੋਰਟ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੀ ਲਾਅ ਸੋਸਾਇਟੀ ਨੇ ਰਿਪੋਰਟ ਦਿੱਤੀ ਹੈ ਕਿ ਵਕੀਲਾਂ ਕੋਲੋਂ ਗੈਂਗਸਟਰਾਂ ਨੇ ਜਾਨ ਬਖਸ਼ ਦੇਣ ਬਦਲੇ ਮੋਟੀ ਰਕਮ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋਸਾਇਟੀ ਨੇ ਆਪਣੇ ਮੈਂਬਰਾਂ ਨੂੰ ਸਲਾਹ ਦਿੱਤੀ ਹੈ ਕਿ ਅਜਿਹੇ ਮਾਮਲੇ ਸਾਹਮਣੇ ਆਉਣ ‘ਤੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ। ਅਜਿਹੇ ਮਾਮਲਿਆਂ ਨੂੰ ਪ੍ਰੋਵਿੰਸ਼ੀਅਲ ਐਕਸਟੋਰਸ਼ਨ ਟਾਸਕ ਫੋਰਸ ਕੋਲ ਭੇਜਿਆ ਜਾ ਸਕਦਾ ਹੈ।
ਕੈਨੇਡਾ ‘ਚ ਬਿਸ਼ਨੋਈ ਗੈਂਗ ਵੱਲੋਂ ਵਕੀਲਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ

