ਬਰੈਂਪਟਨ, 27 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਖੇ ਪੰਜਾਬੀ ਮੁਟਿਆਰ ਦੀ ਅਚਾਨਕ ਭੇਤਭਰੀ ਹਾਲਤ ‘ਚ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮ੍ਰਿਤਕਾ ਦੀ ਪਛਾਣ ਪ੍ਰਤਿਭਾ ਗੁਪਤਾ (29) ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਅਹਿਮਦਗੜ੍ਹ ਦੇ ਸੰਜੀਵ ਕੁਮਾਰ ਜਿੰਦਲ ਦੇ ਪਰਿਵਾਰ ਦੀ ਇਕਲੌਤੀ ਧੀ ਸੀ। ਉਸ ਦੀ ਲਾਸ਼ ਉਸ ਦੇ ਕਿਰਾਏ ਦੇ ਘਰ ਦੀ ਪੌੜੀ ਦੇ ਕੋਲ ਪਈ ਮਿਲੀ। ਜਦੋਂ ਉਸ ਦੀ ਮੌਤ ਹੋਈ, ਤਾਂ ਉਸ ਵੇਲੇ ਮਕਾਨ ਮਾਲਕ ਅਮਰੀਕਾ ਗਿਆ ਹੋਇਆ ਸੀ ਤੇ ਘਰ ‘ਚ ਪ੍ਰਤਿਭਾ ਤੋਂ ਬਿਨਾਂ ਕੋਈ ਨਹੀਂ ਸੀ।
ਜਦੋਂ ਮਾਪਿਆਂ ਨੇ ਪ੍ਰਤਿਭਾ ਦੇ ਨੰਬਰ ‘ਤੇ ਕਈ ਵਾਰ ਫ਼ੋਨ ਕੀਤਾ ਤੇ ਉਨ੍ਹਾਂ ਦਾ ਜਵਾਬ ਨਾ ਮਿਲਿਆ, ਤਾਂ ਉਨ੍ਹਾਂ ਨੇ ਉਸ ਦੇ ਕੰਪਨੀ ਮਾਲਕ ਨੂੰ ਇਸ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਮਾਮਲੇ ਵਿਚ ਕੈਨੇਡਾ ਪੁਲਿਸ ਤੋਂ ਮਦਦ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਉਸ ਦੇ ਘਰ ਜਾ ਕੇ ਜਾਂਚ ਕੀਤੀ, ਤਾਂ ਉਸ ਦੀ ਲਾਸ਼ ਪੌੜੀ ਕੋਲ ਪਈ ਹੋਈ ਬਰਾਮਦ ਹੋਈ।
ਸ਼ਨੀਵਾਰ ਸਵੇਰੇ ਪ੍ਰਤਿਭਾ ਦੀ ਆਪਣੇ ਮਾਤਾ-ਪਿਤਾ ਨਾਲ ਗੱਲ ਹੋਈ ਸੀ, ਤਾਂ ਉਹ ਬਹੁਤ ਖੁਸ਼ ਸੀ, ਪਰ ਸ਼ਾਮ ਵੇਲੇ ਉਸ ਦਾ ਕੋਈ ਜਵਾਬ ਨਹੀਂ ਆਇਆ। ਪ੍ਰਤਿਭਾ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਗਈ ਸੀ ਅਤੇ ਇਸ ਵੇਲੇ ਇਕ ਨਿੱਜੀ ਟ੍ਰਾਂਸਪੋਰਟ ਕੰਪਨੀ ਵਿਚ ਕੰਮ ਕਰ ਰਹੀ ਸੀ। ਫਿਲਹਾਲ ਉਸ ਦੀ ਮੌਤ ਕਿਵੇਂ ਹੋਈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪ੍ਰਤਿਭਾ ਦੀ ਇਸ ਬੇਵਕਤੀ ਮੌਤ ਕਾਰਨ ਉਸ ਦੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਕੈਨੇਡਾ ‘ਚ ਪੰਜਾਬੀ ਮੁਟਿਆਰ ਦੀ ਭੇਤਭਰੇ ਹਾਲਾਤਾਂ ‘ਚ ਮੌਤ!

