#CANADA

ਕੈਨੇਡਾ ‘ਚ ਪ੍ਰਵਾਸੀਆਂ ਨੂੰ ਉੱਚ ਸਿੱਖਿਆ ਅਨੁਸਾਰ ਨਹੀਂ ਮਿਲ ਰਿਹੈ ਕੰਮ

-ਸੁਨਹਿਰੀ ਭਵਿੱਖ ਦੀ ਉਮੀਦ ਟੁੱਟੀ; ਡਾਕਟਰਾਂ ਅਤੇ ਇੰਜਨੀਅਰਾਂ ਨੂੰ ਮਿਲ ਰਹੀ ਹੈ ਆਪਣੀ ਕਾਬਲੀਅਤ ਤੋਂ ਘੱਟ ਤਨਖਾਹ
ਵਿੰਨੀਪੈੱਗ, 26 ਨਵੰਬਰ (ਪੰਜਾਬ ਮੇਲ)- ਕੈਨੇਡਾ ‘ਚ ਸੁਨਹਿਰੀ ਭਵਿੱਖ ਅਤੇ ਬਿਹਤਰ ਜੀਵਨ ਦੀ ਉਮੀਦ ਲੈ ਕੇ ਜਾਣ ਵਾਲੇ ਹਜ਼ਾਰਾਂ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨਵੀਂ ਰਿਪੋਰਟ ਨੇ ਚਿੰਤਾ ਵਿਚ ਪਾ ਦਿੱਤਾ ਹੈ।  ਇੰਸਟੀਚਿਊਟ ਫ਼ਾਰ ਕੈਨੇਡੀਅਨ ਸਿਟੀਜ਼ਨਸ਼ਿਪ (ਆਈ.ਸੀ.ਸੀ.) ਦੀ ਤਾਜ਼ਾ ਰਿਪੋਰਟ ‘Selected but Neglected’ ਨੇ ਕੌੜਾ ਸੱਚ ਸਾਹਮਣੇ ਲਿਆਂਦਾ ਹੈ ਕਿ ਦੇਸ਼ ਵਿਚ ਆਉਣ ਵਾਲੇ ਉੱਚ-ਸਿੱਖਿਆ ਪ੍ਰਾਪਤ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਰੁਜ਼ਗਾਰ ਨਹੀਂ ਮਿਲ ਰਿਹਾ। ਨਤੀਜੇ ਵਜੋਂ, ਵੱਡੀ ਗਿਣਤੀ ਵਿਚ ਡਿਗਰੀਧਾਰਕ ਪੇਸ਼ੇਵਾਰ ਅਜਿਹੇ ਕੰਮ ਕਰਨ ਲਈ ਮਜਬੂਰ ਹਨ, ਜਿਨ੍ਹਾਂ ਦਾ ਉਨ੍ਹਾਂ ਦੀ ਪੜ੍ਹਾਈ ਜਾਂ ਮੁਹਾਰਤ ਨਾਲ ਕੋਈ ਸਬੰਧ ਨਹੀਂ ਹੈ।
ਰਿਪੋਰਟ ਵਿਚ 2027 ਦੌਰਾਨ ਆਉਣ ਵਾਲੇ 25 ਤੋਂ 64 ਸਾਲ ਦੇ ਉੱਚ-ਸਿੱਖਿਆ ਪ੍ਰਾਪਤ ਪ੍ਰਵਾਸੀਆਂ ਦੇ ਰੁਝਾਨਾਂ ਦਾ ਅਧਿਐਨ ਕੀਤਾ ਗਿਆ ਹੈ। ਅਨੁਮਾਨ ਹੈ ਕਿ ਉਸ ਸਾਲ ਆਉਣ ਵਾਲੇ ਲਗਭਗ 3.80 ਲੱਖ ਪਰਮਾਨੈਂਟ ਰੈਜ਼ੀਡੈਂਟਸ ਵਿਚੋਂ ਅੱਧੇ ਦੇ ਕਰੀਬ ਯੂਨੀਵਰਸਿਟੀ ਡਿਗਰੀਧਾਰਕ ਹੋਣਗੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਸਿਰਫ਼ 35.9 ਫ਼ੀਸਦੀ ਲੋਕ ਹੀ ਅਗਲੇ 20 ਸਾਲਾਂ ਵਿਚ ਆਪਣੀ ਯੋਗਤਾ ਦੇ ਅਨੁਕੂਲ ਨੌਕਰੀਆਂ ਕਰ ਪਾਉਣਗੇ। ਲਗਭਗ 47 ਫ਼ੀਸਦੀ ਲੋਕਾਂ ਨੂੰ ਆਪਣੀ ਡਿਗਰੀ ਤੋਂ ਹੇਠਲੇ ਪੱਧਰ ਦੀਆਂ ਨੌਕਰੀਆਂ ਕਰਨੀਆਂ ਪੈ ਸਕਦੀਆਂ ਹਨ।
ਇਹ ਸਥਿਤੀ ਖ਼ਾਸ ਤੌਰ ‘ਤੇ ਉਨ੍ਹਾਂ ਡਾਕਟਰਾਂ, ਇੰਜਨੀਅਰਾਂ ਅਤੇ ਹੋਰ ਪੇਸ਼ੇਵਰਾਂ ਲਈ ਦੁਖਦਾਈ ਹੈ, ਜੋ ਆਪਣੇ ਦੇਸ਼ਾਂ ਵਿਚ ਉੱਚੇ ਅਹੁਦਿਆਂ ‘ਤੇ ਸਨ ਪਰ ਕੈਨੇਡਾ ਵਿਚ ਲਾਇਸੈਂਸ ਦੀਆਂ ਸਖ਼ਤ ਸ਼ਰਤਾਂ, ਵਿਦੇਸ਼ੀ ਡਿਗਰੀਆਂ ਦੀ ਮਾਨਤਾ ਨਾ ਮਿਲਣ ਅਤੇ ਸਥਾਨਕ ਤਜ਼ਰਬੇ ਦੀ ਮੰਗ ਕਾਰਨ ਘੱਟ ਤਨਖ਼ਾਹ ਵਾਲੀਆਂ ਨੌਕਰੀਆਂ ਕਰਨ ਲਈ ਮਜਬੂਰ ਹਨ।
ਇਸ ਨਿਰਾਸ਼ਾ ਦਾ ਸਭ ਤੋਂ ਵੱਡਾ ਪ੍ਰਭਾਵ ਇਹ ਹੈ ਕਿ ਹਰ ਪੰਜਵਾਂ ਉੱਚ-ਸਿੱਖਿਆ ਪ੍ਰਾਪਤ ਪਰਵਾਸੀ ਕੈਨੇਡਾ ਛੱਡ ਕੇ ਜਾ ਸਕਦਾ ਹੈ। ਰਿਪੋਰਟ ਅਨੁਸਾਰ, ਲਗਪਗ 17.4 ਤੋਂ 20 ਫ਼ੀਸਦੀ ਪ੍ਰਵਾਸੀਆਂ ਦੇ 20 ਸਾਲਾਂ ਦੇ ਅੰਦਰ ਦੇਸ਼ ਛੱਡਣ ਦਾ ਅਨੁਮਾਨ ਹੈ। ਜਦੋਂ ਅਸੀਂ ਤੁਲਨਾ ਕਰਦੇ ਹਾਂ, ਤਾਂ ਪਤਾ ਲੱਗਦਾ ਹੈ ਕਿ ਕੈਨੇਡਾ ਵਿਚ ਜਨਮੇ 88 ਫ਼ੀਸਦੀ ਲੋਕ ਆਪਣੀ ਪੜ੍ਹਾਈ ਮੁਤਾਬਕ ਕੰਮ ਕਰ ਰਹੇ ਹਨ, ਜਦਕਿ ਪ੍ਰਵਾਸੀਆਂ ਲਈ ਇਹ ਦਰ ਸਿਰਫ਼ 62 ਫ਼ੀਸਦੀ ਹੈ।
ਰੌਇਲ ਬੈਂਕ ਆਫ਼ ਕੈਨੇਡਾ (ਆਰ.ਬੀ.ਸੀ.) ਦੀ ਇੱਕ ਪੁਰਾਣੀ ਰਿਪੋਰਟ ਮੁਤਾਬਕ, ਜੇਕਰ ਇਹ ਪਾੜਾ ਖ਼ਤਮ ਹੋ ਜਾਵੇ ਤਾਂ ਦੇਸ਼ ਦੀ ਜੀ.ਡੀ.ਪੀ. ਵਿਚ ਲਗਪਗ 50 ਅਰਬ ਡਾਲਰ ਦਾ ਵਾਧਾ ਹੋ ਸਕਦਾ ਸੀ। ਇਸ ਦਾ ਮਤਲਬ ਹੈ ਕਿ ਕੈਨੇਡਾ ਨਾ ਸਿਰਫ਼ ਪ੍ਰਵਾਸੀਆਂ ਦਾ ਸਗੋਂ ਆਪਣੀ ਆਰਥਿਕਤਾ ਦਾ ਵੀ ਨੁਕਸਾਨ ਕਰ ਰਿਹਾ ਹੈ।
ਆਈ.ਸੀ.ਸੀ. ਨੇ ਸਰਕਾਰ ਨੂੰ ਸਿਫ਼ਾਰਸ਼ ਕੀਤੀ ਹੈ ਕਿ ਵਿਦੇਸ਼ੀ ਡਿਗਰੀਆਂ ਅਤੇ ਲਾਇਸੈਂਸਾਂ ਦੀ ਮਾਨਤਾ ਪ੍ਰਕਿਰਿਆ ਨੂੰ ਸੌਖਾ ਅਤੇ ਤੇਜ਼ ਬਣਾਇਆ ਜਾਵੇ, ਖ਼ਾਸ ਕਰਕੇ ਸਿਹਤ ਖੇਤਰ ਵਿਚ। ਰਿਪੋਰਟ ਦਾ ਸਪੱਸ਼ਟ ਸੁਨੇਹਾ ਹੈ ਕਿ ਇਮੀਗ੍ਰੇਸ਼ਨ ਨੀਤੀ ਦੀ ਸਫ਼ਲਤਾ ਸਿਰਫ਼ ਲੋਕਾਂ ਨੂੰ ਦੇਸ਼ ਵਿਚ ਲਿਆਉਣ ਵਿਚ ਨਹੀਂ, ਸਗੋਂ ਉਨ੍ਹਾਂ ਦੇ ਹੁਨਰ ਦੀ ਸਹੀ ਵਰਤੋਂ ਕਰਨ ਵਿਚ ਹੈ।