#AMERICA

ਕਾਂਗਰਸ ਨੂੰ ਜਾਣਕਾਰੀ ਦੇਣ ਤੋਂ ਪਹਿਲਾਂ ਵ੍ਹਾਈਟ ਹਾਊਸ ਨੂੰ ਦੱਸਣ ਦਾ ਹੁਕਮ

ਵਾਸ਼ਿੰਗਟਨ, 23 ਨਵੰਬਰ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਨਵਾਂ ਹੁਕਮ ਜਾਰੀ ਕੀਤਾ ਹੈ, ਜਿਸ ਅਨੁਸਾਰ ਫੈਡਰਲ ਸਰਕਾਰ ਨਾਲ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਕਾਂਗਰਸ ਨਾਲ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਵ੍ਹਾਈਟ ਹਾਊਸ ਨੂੰ ਸੂਚਿਤ ਕਰਨਾ ਪਵੇਗਾ। ਇਹ ਹੁਕਮ ਮੁੱਖ ਫੈਡਰਲ ਠੇਕੇਦਾਰਾਂ ਦੇ ਨਾਲ ਉਨ੍ਹਾਂ ਦੇ ਸਬ-ਕੰਟਰੈਕਟਰਾਂ ਉੱਤੇ ਵੀ ਲਾਗੂ ਹੋਵੇਗਾ।
ਜੇ ਵ੍ਹਾਈਟ ਹਾਊਸ ਕਿਸੇ ਜਾਣਕਾਰੀ ਨੂੰ ਗੁਪਤ ਜਾਂ ਸਰਕਾਰੀ ਅਧਿਕਾਰ ਹੇਠ ਸੁਰੱਖਿਅਤ ਮੰਨਦਾ ਹੈ, ਤਾਂ ਕੰਪਨੀ ਨੂੰ ਉਹ ਜਾਣਕਾਰੀ ਰੋਕਣ ਲਈ ਕਿਹਾ ਜਾ ਸਕਦਾ ਹੈ। ਹੁਕਮ ਨਾ ਮੰਨਣ ਵਾਲੀਆਂ ਕੰਪਨੀਆਂ ਦੇ ਮੌਜੂਦਾ ਸਰਕਾਰੀ ਠੇਕੇ ਰੱਦ ਕੀਤੇ ਜਾ ਸਕਦੇ ਹਨ ਜਾਂ ਉਨ੍ਹਾਂ ਨੂੰ ਭਵਿੱਖ ਦੇ ਠੇਕੇ ਲੈਣ ਤੋਂ ਰੋਕਿਆ ਜਾ ਸਕਦਾ ਹੈ।
ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਇਹ ਨਿਯਮ ਕੌਮੀ ਸੁਰੱਖਿਆ ਅਤੇ ਗੁਪਤ ਸਰਕਾਰੀ ਗੱਲਬਾਤ ਨੂੰ ਬਚਾਉਣ ਲਈ ਲਿਆਂਦਾ ਗਿਆ ਹੈ। ਉਸ ਦਾ ਤਰਕ ਹੈ ਕਿ ਜੇ ਠੇਕੇਦਾਰ ਆਪਣੇ ਤੌਰ ‘ਤੇ ਜਾਣਕਾਰੀ ਦੇਣਗੇ, ਤਾਂ ਗੁਪਤ ਮਾਮਲੇ ਬਾਹਰ ਆ ਸਕਦੇ ਹਨ ਅਤੇ ਸਰਕਾਰ ਨੂੰ ਮਹਿੰਗੇ ਕਾਨੂੰਨੀ ਝਗੜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੂਜੇ ਪਾਸੇ ਡੈਮੋਕ੍ਰੈਟ ਇਸ ਨੂੰ ਕਾਂਗਰਸ ਦੀ ਜਾਂਚ ਰੋਕਣ ਦੀ ਕੋਸ਼ਿਸ਼ ਮੰਨ ਰਹੇ ਹਨ। ਜਨਵਰੀ ਵਿਚ ਕਾਂਗਰਸ ਦਾ ਕੰਟਰੋਲ ਸੰਭਾਲਣ ਤੋਂ ਬਾਅਦ ਉਹ ਸਰਕਾਰੀ ਠੇਕਿਆਂ, ਸੰਭਾਵਤ ਹਿੱਤਾਂ ਦੇ ਟਕਰਾਅ, ਇਮੀਗ੍ਰੇਸ਼ਨ ਕਾਰਵਾਈਆਂ ਅਤੇ ਹੋਰ ਮਾਮਲਿਆਂ ਦੀ ਜਾਂਚ ਕਰਨ ਦੀ ਤਿਆਰੀ ਵਿਚ ਹਨ। ਕੈਲੀਫੋਰਨੀਆ ਦੇ ਪ੍ਰਤੀਨਿਧੀ ਰਾਬਰਟ ਗਾਰਸੀਆ ਨੇ ਕਈ ਉੱਚ ਅਧਿਕਾਰੀਆਂ ਅਤੇ ਟਰੰਪ ਦੇ ਸਹਿਯੋਗੀਆਂ ਨੂੰ ਸੰਬੰਧਤ ਦਸਤਾਵੇਜ਼ ਸੰਭਾਲ ਕੇ ਰੱਖਣ ਲਈ ਕਿਹਾ ਹੈ।
ਜੇ ਕਾਂਗਰਸ ਕਿਸੇ ਕੰਪਨੀ ਨੂੰ ਕਾਨੂੰਨੀ ਸੰਮਨ ਭੇਜਦੀ ਹੈ ਅਤੇ ਵ੍ਹਾਈਟ ਹਾਊਸ ਜਾਣਕਾਰੀ ਰੋਕਦਾ ਹੈ, ਤਾਂ ਮਾਮਲਾ ਅਦਾਲਤ ਵਿਚ ਜਾ ਸਕਦਾ ਹੈ। ਇਸ ਨਾਲ ਰਾਸ਼ਟਰਪਤੀ ਦੇ ਗੁਪਤਤਾ ਅਧਿਕਾਰ ਅਤੇ ਕਾਂਗਰਸ ਦੇ ਜਾਂਚ ਅਧਿਕਾਰ ਵਿਚਾਲੇ ਵੱਡੀ ਸੰਵਿਧਾਨਕ ਲੜਾਈ ਬਣ ਸਕਦੀ ਹੈ।