#CANADA

ਐਡਮਿੰਟਨ ‘ਚ ਪੰਜਾਬੀ ਵਿਅਕਤੀ ਨੂੰ ਭਤੀਜੇ ਦੇ ਕਤਲ ਦੇ ਦੋਸ਼ ‘ਚ ਉਮਰ ਕੈਦ

– 16 ਸਾਲ ਤੱਕ ਨਹੀਂ ਮਿਲੇਗੀ ਪੈਰੋਲ
ਐਡਮਿੰਟਨ, 10 ਅਪ੍ਰੈਲ (ਪੰਜਾਬ ਮੇਲ)- ਐਡਮਿੰਟਨ ਦੀ ਇਕ ਅਦਾਲਤ ਨੇ ਪਤਨੀ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਅਤੇ ਉਸ ਦੇ ਭਤੀਜੇ ਨੂੰ ਜਾਨੋਂ ਮਾਰਨ ਦੇ ਕੇਸ ‘ਚ ਦੋਸ਼ੀ ਗਮਦੂਰ ਬਰਾੜ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਦੌਰਾਨ ਬਰਾੜ ਨੂੰ 16 ਸਾਲ ਤੱਕ ਪੈਰੋਲ ਨਹੀ ਮਿਲ ਸਕੇਗੀ। ਬਰਾੜ ਨੂੰ ਪੁਲਿਸ ਵੱਲੋਂ 7 ਮਈ, 2021 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਇਸ ਕੇਸ ਵਿਚ ਸਤੰਬਰ, 2023 ‘ਚ ਉਸ ਨੂੰ ਕਤਲ ਦਾ ਦੋਸ਼ੀ ਪਾਇਆ ਸੀ।
ਜਾਣਕਾਰੀ ਮੁਤਾਬਕ, ਬਰਾੜ ਨੇ ਭਾਰੀ ਆਵਾਜਾਈ ਵਾਲੀ ਇਕ ਰੁਝੇਵਿਆਂ ਭਰੀ ਸੜਕ ‘ਤੇ ਆਪਣੀ ਪਤਨੀ ਤੇ ਭਤੀਜੇ ਉੱਪਰ ਗੋਲੀਆਂ ਚਲਾ ਦਿੱਤੀਆਂ ਸਨ। ਉਸ ਨੂੰ ਕਤਲ ਅਤੇ ਇਰਾਦੇ ਤਹਿਤ ਹਥਿਆਰ ਚਲਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਹਮਲੇ ਵਿਚ ਉਸ ਦੀ ਪਤਨੀ ਦੇ ਭਤੀਜੇ ਹਰਮਨਜੋਤ ਸਿੰਘ ਭੱਠਲ (19) ਦੀ ਮੌਤ ਹੋ ਗਈ ਸੀ।
ਅਦਾਲਤ ਵਿਚ ਬਚਾਅ ਧਿਰ ਦੇ ਵਕੀਲ ਨੇ ਕਿਹਾ ਕਿ ਗਮਦੂਰ ਬਰਾੜ ਘਟਨਾ ਸਮੇਂ ਡਿਪਰੈਸ਼ਨ ਦਾ ਸ਼ਿਕਾਰ ਸੀ ਪਰ ਅਦਾਲਤ ਨੇ ਇਸ ਘਟਨਾ ਨੂੰ ਬਰਹਿਮੀ ਵਾਲੀ ਤੇ ਲੋਕਾਂ ਵਿਚ ਡਰ ਭੈਅ ਪੈਦਾ ਕਰਨ ਵਾਲੀ ਦੱਸਿਆ, ਜਿਸ ਦੌਰਾਨ ਇਕ 19 ਸਾਲ ਦਾ ਨੌਜਵਾਨ ਲੜਕਾ ਮਾਰਿਆ ਗਿਆ ਤੇ ਔਰਤ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਇਸ ਘਟਨਾ ਤੋਂ ਪਹਿਲਾਂ ਬਰਾੜ ਨੇ ਪੁਲਿਸ ਨੂੰ ਆਪਣੀ ਪਤਨੀ ਦੇ ਗੁੰਮ ਹੋਣ ਦੀ ਇਤਲਾਹ ਦਿੱਤੀ ਸੀ। ਪੁਲਿਸ ਨੇ ਉਸ ਨੂੰ ਕੁਝ ਸਮਾਂ ਇੰਤਜ਼ਾਰ ਕਰਨ ਲਈ ਕਿਹਾ ਸੀ, ਜਦਕਿ ਲਗਪਗ ਅੱਧੇ ਘੰਟੇ ਬਾਅਦ ਹੀ ਗਮਦੂਰ ਬਰਾੜ ਨੇ ਆਪਣੀ ਪਤਨੀ ਦੀ ਗੱਡੀ ਦਾ ਪਿੱਛਾ ਕਰਦਿਆਂ ਉਨ੍ਹਾਂ ਉੱਪਰ ਗੋਲੀਆਂ ਚਲਾ ਦਿੱਤੀਆਂ। ਅਦਾਲਤ ਨੇ ਬਚਾਅ ਧਿਰ ਦੇ ਵਕੀਲ ਦੀ ਇਹ ਦਲੀਲ ਨਹੀਂ ਮੰਨੀ ਕਿ ਇਹ ਘਟਨਾ ਇਕਦਮ ਗੁੱਸੇ ਵਿਚ ਵਾਪਰੀ, ਜਦਕਿ ਗਮਦੂਰ ਬਰਾੜ ਨੇ ਇਰਾਦੇ ਤਹਿਤ ਆਪਣੀ ਪਤਨੀ ਦਾ ਪਿੱਛਾ ਕੀਤਾ ਤੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਉਸ ਦਾ ਨੌਜਵਾਨ ਭਤੀਜਾ ਮਾਰਿਆ ਗਿਆ।