-ਹਾਕੀ ਮੁਕਾਬਲੇ 18 ਸਤੰਬਰ ਤੋਂ 3 ਅਕਤੂਬਰ ਤੱਕ ਜਪਾਨ ਵਿਚ ਹੋਣਗੇ
ਨਵੀਂ ਦਿੱਲੀ, 24 ਜੁਲਾਈ (ਪੰਜਾਬ ਮੇਲ)- ਏਸ਼ਿਆਈ ਖੇਡਾਂ 2026 ਦੇ ਪੁਰਸ਼ ਹਾਕੀ ਮੁਕਾਬਲਿਆਂ ਲਈ ਮੌਜੂਦਾ ਚੈਂਪੀਅਨ ਭਾਰਤ ਅਤੇ ਉਸ ਦੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਵੱਖ-ਵੱਖ ਗਰੁੱਪਾਂ ਵਿਚ ਰੱਖਿਆ ਗਿਆ ਹੈ। ਇਹ ਜਾਣਕਾਰੀ ਅੱਜ ਪ੍ਰਬੰਧਕਾਂ ਨੇ ਸਾਂਝੀ ਕੀਤੀ ਹੈ।
ਜਾਣਕਾਰੀ ਅਨੁਸਾਰ ਭਾਰਤ ਨੂੰ ਪੂਲ-ਏ ਵਿਚ ਮੇਜ਼ਬਾਨ ਜਪਾਨ, ਦੱਖਣੀ ਕੋਰੀਆ, ਬੰਗਲਾਦੇਸ਼, ਸ੍ਰੀਲੰਕਾ ਅਤੇ ਇੰਡੋਨੇਸ਼ੀਆ ਨਾਲ ਰੱਖਿਆ ਗਿਆ ਹੈ।
ਦੂਜੇ ਪਾਸੇ ਪਾਕਿਸਤਾਨ ਨੂੰ ਪੂਲ-ਬੀ ਵਿਚ ਮਲੇਸ਼ੀਆ, ਚੀਨ, ਓਮਾਨ, ਉਜ਼ਬੇਕਿਸਤਾਨ ਅਤੇ ਥਾਈਲੈਂਡ ਨਾਲ ਰੱਖਿਆ ਗਿਆ ਹੈ। ਇਸ ਡਰਾਅ ਤੋਂ ਸਾਫ ਹੋ ਗਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੁਕਾਬਲਾ ਸਿਰਫ਼ ਸੈਮੀਫਾਈਨਲ ਜਾਂ ਮੈਡਲ ਮੈਚਾਂ ਵਿਚ ਹੀ ਹੋ ਸਕਦਾ ਹੈ।
ਮਹਿਲਾ ਮੁਕਾਬਲਿਆਂ ਵਿਚ ਭਾਰਤ ਨੂੰ ਪੂਲ-ਬੀ ਵਿਚ ਜਪਾਨ, ਥਾਈਲੈਂਡ, ਸਿੰਗਾਪੁਰ, ਇੰਡੋਨੇਸ਼ੀਆ ਅਤੇ ਉਜ਼ਬੇਕਿਸਤਾਨ ਨਾਲ ਰੱਖਿਆ ਗਿਆ ਹੈ। ਜਦਕਿ ਪੂਲ-ਏ ਵਿਚ ਚੀਨ, ਦੱਖਣੀ ਕੋਰੀਆ, ਮਲੇਸ਼ੀਆ, ਕਜ਼ਾਖਸਤਾਨ, ਚੀਨੀ ਤਾਈਪੇਈ ਅਤੇ ਬੰਗਲਾਦੇਸ਼ ਸ਼ਾਮਲ ਹਨ। ਦੋਵਾਂ ਵਰਗਾਂ (ਪੁਰਸ਼ ਅਤੇ ਮਹਿਲਾ) ਵਿਚ 12-12 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ 6-6 ਦੇ ਦੋ ਗਰੁੱਪਾਂ ਵਿਚ ਵੰਡਿਆ ਗਿਆ ਹੈ। ਹਰੇਕ ਗਰੁੱਪ ਤੋਂ ਚੋਟੀ ਦੀਆਂ ਦੋ-ਦੋ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ।
ਏਸ਼ਿਆਈ ਖੇਡਾਂ ਵਿਚ ਹਾਕੀ ਦੇ ਮੁਕਾਬਲੇ 18 ਸਤੰਬਰ ਤੋਂ 3 ਅਕਤੂਬਰ ਤੱਕ ਜਪਾਨ ਦੇ ਕਾਕਾਮੀਗਾਹਾਰਾ ਸਥਿਤ ਗਿਫੂ ਪ੍ਰੀਫੈਕਚਰਲ ਗ੍ਰੀਨ ਸਟੇਡੀਅਮ ਵਿਚ ਕਰਵਾਏ ਜਾਣਗੇ। ਮਹਿਲਾ ਵਰਗ ਦੇ ਮੈਡਲ ਮੈਚ 2 ਅਕਤੂਬਰ ਨੂੰ ਅਤੇ ਪੁਰਸ਼ ਵਰਗ ਦੇ ਮੈਡਲ ਮੈਚ 3 ਅਕਤੂਬਰ ਨੂੰ ਖੇਡੇ ਜਾਣਗੇ।
2026 ਦਾ ਇਹ ਟੂਰਨਾਮੈਂਟ ਲਾਸ ਏਂਜਲਸ 2028 ਓਲੰਪਿਕ ਖੇਡਾਂ ਲਈ ਕੁਆਲੀਫਾਇਰ ਵਜੋਂ ਵੀ ਕੰਮ ਕਰੇਗਾ, ਜਿੱਥੇ ਪੁਰਸ਼ ਵਰਗ ਵਿਚ ਸੋਨ ਤਗਮਾ ਜਿੱਤਣ ਵਾਲੀ ਟੀਮ ਨੂੰ ਓਲੰਪਿਕ ਵਿਚ ਸਿੱਧੀ ਐਂਟਰੀ ਮਿਲੇਗੀ।
ਹਰਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਭਾਰਤੀ ਪੁਰਸ਼ ਟੀਮ ਨੇ 2023 ਦੀਆਂ ਹਾਂਗਜ਼ੂ ਏਸ਼ਿਆਈ ਖੇਡਾਂ ਦੇ ਫਾਈਨਲ ਵਿਚ ਜਪਾਨ ਨੂੰ ਹਰਾ ਕੇ ਆਪਣਾ ਚੌਥਾ ਏਸ਼ਿਆਈ ਖੇਡਾਂ ਦਾ ਖ਼ਿਤਾਬ ਜਿੱਤਿਆ ਸੀ। ਭਾਰਤੀ ਪੁਰਸ਼ ਟੀਮ ਨੇ ਹੁਣ ਤੱਕ ਚਾਰ ਵਾਰ (1966, 1998, 2014 ਅਤੇ 2023) ਏਸ਼ਿਆਈ ਖੇਡਾਂ ਵਿਚ ਸੋਨ ਤਗਮਾ ਜਿੱਤਿਆ ਹੈ, ਜਦਕਿ ਪਾਕਿਸਤਾਨ 8 ਖ਼ਿਤਾਬਾਂ ਨਾਲ ਸਭ ਤੋਂ ਸਫ਼ਲ ਟੀਮ ਹੈ।
ਦੂਜੇ ਪਾਸੇ, 2023 ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ, ਜਿਸ ਨੇ 1982 ਵਿਚ ਪਹਿਲੀ ਵਾਰ ਸੋਨ ਤਗਮਾ ਜਿੱਤਿਆ ਸੀ, 44 ਸਾਲਾਂ ਬਾਅਦ ਦੁਬਾਰਾ ਏਸ਼ਿਆਈ ਖੇਡਾਂ ਵਿਚ ਸੋਨ ਤਗਮਾ ਜਿੱਤਣ ਦੇ ਮਕਸਦ ਨਾਲ ਮੈਦਾਨ ਵਿਚ ਉਤਰੇਗੀ।
ਏਸ਼ਿਆਈ ਖੇਡਾਂ 2026 ਦੇ ਪੁਰਸ਼ ਹਾਕੀ ਮੁਕਾਬਲਿਆਂ ਲਈ ਭਾਰਤ ਤੇ ਪਾਕਿਸਤਾਨ ਨੂੰ ਵੱਖ-ਵੱਖ ਗਰੁੱਪਾਂ ‘ਚ ਰੱਖਿਆ
