ਲੰਡਨ, 28 ਮਈ (ਪੰਜਾਬ ਮੇਲ)- ਇੰਗਲੈਂਡ ਦੇ ਸੋਲੀਹਲ (Solihull) ਸ਼ਹਿਰ ‘ਚ ਭਾਰਤੀ ਮੂਲ ਦੇ ਪ੍ਰਸਿੱਧ ਸਿੱਖ ਆਗੂ ਸਰਦੂਲ ਸਿੰਘ ਮਰਵਾਹ ਨੂੰ ਨਵੇਂ ਮੇਅਰ ਵਜੋਂ ਚੁਣਿਆ ਗਿਆ ਹੈ। ਸਰਦੂਲ ਸਿੰਘ ਮਰਵਾਹ ਹੁਣ ਸੋਲੀਹਲ ਬਰੋ ਦੇ 73ਵੇਂ ”ਫਰਸਟ ਸਿਟੀਜ਼ਨ” ਵਜੋਂ 2026-27 ਦੇ ਕਾਰਜਕਾਲ ਲਈ ਸੇਵਾ ਨਿਭਾਉਣਗੇ। ਇਹ ਚੋਣ ਸਿੱਖ ਭਾਈਚਾਰੇ ਅਤੇ ਪੰਜਾਬੀ ਕਮਿਊਨਿਟੀ ਲਈ ਇੱਕ ਮਾਣ ਵਾਲੀ ਗੱਲ ਮੰਨੀ ਜਾ ਰਹੀ ਹੈ।
ਸਰਦੂਲ ਸਿੰਘ ਮਰਵਾਹ ਪਿਛਲੇ ਕਈ ਦਹਾਕਿਆਂ ਤੋਂ ਇੰਗਲੈਂਡ ਵਿਚ ਸਮਾਜ ਸੇਵਾ, ਸਿਆਸਤ ਅਤੇ ਕਮਿਊਨਿਟੀ ਕੰਮਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ 1990 ਵਿਚ ਸਮਾਜ ਲਈ ਵਿਸ਼ੇਸ਼ ਸੇਵਾਵਾਂ ਦੇ ਮੱਦੇਨਜ਼ਰ ਐੱਮ.ਬੀ.ਈ. ਸਨਮਾਨ ਨਾਲ ਵੀ ਨਿਵਾਜਿਆ ਗਿਆ ਸੀ। ਇਸ ਤੋਂ ਇਲਾਵਾ ਉਹ ‘ਜਸਟਿਸ ਆਫ ਦ ਪੀਸ’ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ ਅਤੇ ਸਿੱਖ ਚੈਨਲ ਨਾਲ ਵੀ ਲੰਬੇ ਸਮੇਂ ਤੋਂ ਜੁੜੇ ਰਹੇ ਹਨ।
ਉਹ ਪਹਿਲਾਂ ਵੀ ਕੌਂਸਲਰ, ਸਕੂਲ ਗਵਰਨਰ, ਪੁਲਿਸ ਕੰਸਲਟੇਟਿਵ ਕਮੇਟੀ ਦੇ ਚੇਅਰਮੈਨ ਅਤੇ ਵੈਸਟ ਬਰਮਿੰਘਮ ਹੈਲਥ ਅਥਾਰਟੀ ਨਾਲ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀ ਮੇਅਰ ਵਜੋਂ ਚੋਣ ਨੂੰ ਇੰਗਲੈਂਡ ਵਿਚ ਵੱਸਦੇ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਦੀ ਵਧਦੀ ਹੋਈ ਪਛਾਣ ਅਤੇ ਪ੍ਰਭਾਵ ਦੇ ਤੌਰ ‘ਤੇ ਵੀ ਦੇਖਿਆ ਜਾ ਰਿਹਾ ਹੈ।
ਸੋਸ਼ਲ ਮੀਡੀਆ ਅਤੇ ਕਮਿਊਨਿਟੀ ਸੰਸਥਾਵਾਂ ਵੱਲੋਂ ਸਰਦੂਲ ਸਿੰਘ ਮਰਵਾਹ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਉਹ ਆਪਣੇ ਤਜ਼ਰਬੇ ਨਾਲ ਸ਼ਹਿਰ ਦੀ ਤਰੱਕੀ ਅਤੇ ਕਮਿਊਨਿਟੀ ਏਕਤਾ ਲਈ ਮਹੱਤਵਪੂਰਨ ਯੋਗਦਾਨ ਪਾਉਣਗੇ।
ਇੰਗਲੈਂਡ ‘ਚ ਪ੍ਰਸਿੱਧ ਸਿੱਖ ਆਗੂ ਸਰਦੂਲ ਸਿੰਘ ਮਰਵਾਹ ਬਣੇ ਮੇਅਰ

