#AUSTRALIA

ਆਸਟਰੇਲੀਆ ਦੇ ਵਿਕਟੋਰੀਆ ਸੂਬੇ ‘ਚ ਬੀਚ ‘ਤੇ ਡੁੱਬਣ ਕਾਰਨ 4 ਭਾਰਤੀਆਂ ਦੀ ਮੌਤ

ਮੈਲਬਰਨ, 25 ਜਨਵਰੀ (ਪੰਜਾਬ ਮੇਲ)- ਆਸਟਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਬੀਚ ‘ਤੇ ਡੁੱਬਣ ਕਾਰਨ ਤਿੰਨ ਔਰਤਾਂ ਸਮੇਤ ਚਾਰ ਭਾਰਤੀਆਂ ਦੀ ਮੌਤ ਹੋ ਗਈ। ਇਨ੍ਹਾਂ ਦੀ ਉਮਰ 20 ਤੋਂ 43 ਸਾਲ ਦੇ ਵਿਚਾਲੇ ਹੈ। ਬੀਚ ‘ਤੇ ਵਾਪਰੀ ਇਹ ਘਟਨਾ 20 ਸਾਲਾਂ ਵਿਚ ਵਿਕਟੋਰੀਆ ਸਮੁੰਦਰੀ ਖੇਤਰ ‘ਚ ਹੋਈ ਸਭ ਤੋਂ ਭਿਆਨਕ ਹੈ। ਇਹ ਘਟਨਾ ਵਿਕਟੋਰੀਆ ਦੇ ਫਿਲਿਪ ਆਈਲੈਂਡ ‘ਚ ਬੁੱਧਵਾਰ ਨੂੰ ਵਾਪਰੀ। ਐਮਰਜੈਂਸੀ ਸੇਵਾਵਾਂ ਨੂੰ ਬਾਅਦ ਦੁਪਹਿਰ ਕਰੀਬ 3.30 ਵਜੇ ਨਿਊਹੈਵਨ ਨੇੜੇ ਚਾਰ ਲੋਕਾਂ ਦੇ ਪਾਣੀ ‘ਚ ਡੁੱਬਣ ਦੀ ਸੰਭਾਵਨਾ ਦੀ ਸੂਚਨਾ ਮਿਲੀ। ‘ਲਾਈਫਗਾਰਡਜ਼ ਨੇ ਉਨ੍ਹਾਂ ‘ਚੋਂ ਤਿੰਨ ਨੂੰ ਪਾਣੀ ‘ਚੋਂ ਬਾਹਰ ਕੱਢਿਆ ਅਤੇ ਇਕ ਬਚਾਅ ਕਿਸ਼ਤੀ ਨੇ ਆਖਰੀ ਵਿਅਕਤੀ ਨੂੰ ਪਾਣੀ ‘ਚੋਂ ਬਾਹਰ ਕੱਢ ਲਿਆ। ਸਾਰੇ ਬੇਹੋਸ਼ ਸਨ ਅਤੇ ਉਨ੍ਹਾਂ ਦੇ ਸਰੀਰ ਵਿਚ ਕੋਈ ਹਿਲ-ਜੁਲ ਨਹੀਂ ਸੀ। ਬਚਾਅ ਕਰਮਚਾਰੀਆਂ ਨੇ ਉਸਨੂੰ ਸੀ.ਪੀ.ਆਰ. ਦੇਣਾ ਸ਼ੁਰੂ ਕਰ ਦਿੱਤਾ, ਜੋ ਇਕ ਕਿਸਮ ਦੀ ਮੁੱਢਲੀ ਸਹਾਇਤਾ ਹੈ। ਅਧਿਕਾਰੀਆਂ ਨੇ ਪੀੜਤਾਂ ਦੇ ਨਾਂ ਜਾਰੀ ਨਹੀਂ ਕੀਤੇ ਹਨ। ਪੁਰਸ਼ ਤੇ ਦੋ ਔਰਤਾਂ ਦੀ ਉਮਰ 20 ਸਾਲ ਤੇ ਇਕ ਔਰਤ ਦੀ ਉਮਰ 43 ਸਾਲ ਹੈ।