#INDIA

ਆਲਮੀ ਤਪਸ਼ ਕਾਰਨ ਦੁਨੀਆਂ ਭਰ ਦੇ ਦਰਿਆਵਾਂ ‘ਚ ਘੱਟਣ ਲੱਗੀ ਆਕਸੀਜਨ!

ਨਵੀਂ ਦਿੱਲੀ, 18 ਮਈ (ਪੰਜਾਬ ਮੇਲ)- ਧਰਤੀ ਦੇ ਵਧ ਰਹੇ ਤਾਪਮਾਨ ਭਾਵ ਆਲਮੀ ਤਪਸ਼ ਕਾਰਨ ਦੁਨੀਆਂ ਭਰ ਦੇ ਦਰਿਆਵਾਂ ‘ਚ ਆਕਸੀਜਨ ਦਾ ਪੱਧਰ ਹੌਲੀ-ਹੌਲੀ ਘੱਟ ਰਿਹਾ ਹੈ, ਜਿਸ ਕਾਰਨ ਮੱਛੀਆਂ ਅਤੇ ਪਾਣੀ ਵਾਲੇ ਹੋਰ ਜੀਵਾਂ ਦੀ ਜ਼ਿੰਦਗੀ ਖ਼ਤਰੇ ਵਿਚ ਪੈ ਗਈ ਹੈ।
‘ਸਾਇੰਸ ਐਡਵਾਂਸਿਜ਼’ ਰਸਾਲੇ ਵਿਚ ਪ੍ਰਕਾਸ਼ਿਤ ਨਵੇਂ ਅਧਿਐਨ ਮੁਤਾਬਕ ਸਾਲ 1985 ਤੋਂ ਹੁਣ ਤੱਕ ਦੁਨੀਆਂ ਭਰ ਦੇ ਦਰਿਆਵਾਂ ਵਿਚ ਆਕਸੀਜਨ ਦੇ ਪੱਧਰ ਵਿਚ ਔਸਤਨ 2.1 ਫ਼ੀਸਦੀ ਦੀ ਗਿਰਾਵਟ ਆਈ ਹੈ। ਚੀਨ ਦੇ ਖੋਜੀਆਂ ਨੇ ਸੈਟੇਲਾਈਟ ਅਤੇ ਮਸਨੂਈ ਬੌਧਿਕਤਾ (ਏ.ਆਈ.) ਦੀ ਮਦਦ ਨਾਲ ਸੰਸਾਰ ਭਰ ਦੇ 21 ਹਜ਼ਾਰ ਤੋਂ ਵੱਧ ਦਰਿਆਵਾਂ ਦਾ ਅਧਿਐਨ ਕਰਕੇ ਇਹ ਚਿੰਤਾਜਨਕ ਨਤੀਜਾ ਕੱਢਿਆ ਹੈ। ਵਿਗਿਆਨੀਆਂ ਮੁਤਾਬਕ ਰਸਾਇਣ ਵਿਗਿਆਨ ਦਾ ਨਿਯਮ ਹੈ ਕਿ ਗਰਮ ਪਾਣੀ ਵਿਚ ਆਕਸੀਜਨ ਰੋਕਣ ਦੀ ਸਮਰੱਥਾ ਘੱਟ ਹੁੰਦੀ ਹੈ। ਇਨਸਾਨੀ ਸਰਗਰਮੀਆਂ ਕਾਰਨ ਹੋ ਰਹੇ ਜਲਵਾਯੂ ਪਰਿਵਰਤਨ ਕਰਕੇ ਜਦੋਂ ਪਾਣੀ ਗਰਮ ਹੁੰਦਾ ਹੈ, ਤਾਂ ਇਹ ਆਕਸੀਜਨ ਨੂੰ ਵਾਯੂਮੰਡਲ ਵਿਚ ਛੱਡ ਦਿੰਦਾ ਹੈ। ਜੇ ਆਕਸੀਜਨ ਘਟਣ ਦੀ ਇਹ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ, ਤਾਂ ਸਦੀ ਦੇ ਅੰਤ ਤੱਕ ਦਰਿਆਵਾਂ ਵਿਚ 4 ਤੋਂ 5 ਫ਼ੀਸਦੀ ਤੱਕ ਆਕਸੀਜਨ ਹੋਰ ਘੱਟ ਜਾਵੇਗੀ। ਚੀਨੀ ਅਕੈਡਮੀ ਆਫ਼ ਸਾਇੰਸਿਜ਼ ਦੇ ਵਾਤਾਵਰਨ ਵਿਗਿਆਨੀ ਸ਼ੀ ਗੁਆਨ ਨੇ ਖ਼ਬਰਦਾਰ ਕੀਤਾ ਹੈ ਕਿ ਆਕਸੀਜਨ ਦੀ ਘਾਟ ਕਾਰਨ ਦਰਿਆਵਾਂ ਵਿਚ ‘ਡੈੱਡ ਜ਼ੋਨ’ ਬਣ ਸਕਦੇ ਹਨ। ਇਸ ਨਾਲ ਜੈਵ ਵੰਨ-ਸੁਵੰਨਤਾ ਦਾ ਨੁਕਸਾਨ ਹੁੰਦਾ ਹੈ ਅਤੇ ਪਾਣੀ ਦੀ ਗੁਣਵੱਤਾ ਵੀ ਖ਼ਰਾਬ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਅਸਰ ਇਨਸਾਨਾਂ ‘ਤੇ ਵੀ ਪੈਂਦਾ ਹੈ। ਐਰੀਜ਼ੋਨਾ ਯੂਨੀਵਰਸਿਟੀ ਦੇ ਭੂ-ਵਿਗਿਆਨੀ ਕਾਰਲ ਫਲੈਸਾ ਮੁਤਾਬਕ ਲੂ ਦੌਰਾਨ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ।