#PUNJAB

ਆਜ਼ਾਦੀ ਦਿਹਾੜੇ ਮੌਕੇ CM ਮਾਨ ਨੇ ਫਿਰੋਜ਼ਪੁਰ ‘ਚ ਲਹਿਰਾਇਆ ਤਿਰੰਗਾ

ਫਿਰੋਜ਼ਪੁਰ, 15 ਅਗਸਤ (ਪੰਜਾਬ ਮੇਲ)-  ਪੂਰੇ ਦੇਸ਼ ਵਿਚ ਅੱਜ 80ਵਾਂ ਆਜ਼ਾਦੀ ਦਿਹਾੜਾ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰੋਜ਼ਪੁਰ ‘ਚ ਤਿਰੰਗਾ ਝੰਡਾ ਲਹਿਰਾਇਆ। 15 ਅਗਸਤ ‘ਤੇ ਆਜ਼ਾਦੀ ਦਿਹਾੜੇ ਦਾ ਸੂਬਾ ਪੱਧਰੀ ਸਮਾਗਮ ਕੈਂਟੋਨਮੈਂਟ ਬੋਰਡ ਸਟੇਡੀਅਮ ਵਿਚ ਆਯੋਜਿਤ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਹੁਸੈਨੀਵਾਲਾ ‘ਚ ਸ਼ਹੀਦ ਸਮਾਰਕ ‘ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।  ਪੰਜਾਬ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸੈਨੀਵਾਲਾ ਵਿਚ 25 ਕਰੋੜ ਦੀ ਲਾਗਤ ਨਾਲ ਵਿਰਾਸਤੀ ਕੰਪਲੈਕਸ ਬਣਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਵਿਚ ਵਿਦਿਆ ਨੂੰ ਵਪਾਰ ਬਣਨ ਤੋਂ ਰੋਕਣ ਲਈ ਬਹੁਤ ਵੱਡਾ ਕਦਮ ਚੁੱਕਿਆ ਗਿਆ ਹੈ। ਹੁਣ ਪ੍ਰਾਈਵੇਟ ਸਕੂਲ 5 ਫ਼ੀਸਦੀ ਤੋਂ ਵੱਧ ਫ਼ੀਸ ਨਹੀਂ ਵਧਾ ਸਕਣਗੇ।  ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ‘ਚ ਪੰਜਾਬੀਆਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਵੰਡ ਦੇ ਸਮੇਂ ਸਭ ਤੋਂ ਵੱਡੀ ਕੀਮਤ ਵੀ ਪੰਜਾਬੀਆਂ ਨੇ ਹੀ ਚੁਕਾਈ ਸੀ। ਪੰਜਾਬ ਦੇ ਭਾਈਚਾਰੇ ਦੀ ਸਾਂਝ ਨੂੰ ਤੋੜਨ ਲਈ ਲੱਗੀਆਂ ਤਾਕਤਾਂ ਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਭਾਈਚਾਰਕ ਸਾਂਝ ਅਤੇ ਏਕਤਾ ਦੀ ਮਿਸਾਲ ਬਣਿਆ ਰਹੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਆਜ਼ਾਦੀ ਦਿਹਾੜੇ ਮੌਕੇ ‘ਤੇ ਪਹਿਲੀ ਵਾਰ ਸਰਕਾਰੀ ਪ੍ਰੋਗਰਾਮ ‘ਚ ‘ਵੰਦੇ ਮਾਤਰਮ’ ਗਾਇਆ ਗਿਆ। ਆਪਣੇ ਸੰਬੋਧਨ ‘ਚ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਤਰੱਕੀ ਅਤੇ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕੀਤਾ।