ਵਾਸ਼ਿੰਗਟਨ ਡੀ.ਸੀ., 15 ਮਈ (ਪੰਜਾਬ ਮੇਲ)- ਅਮਰੀਕਾ ਨੇ ਵਿਸ਼ਵ ਪੱਧਰ ‘ਤੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤੋੜਨ ਲਈ ਆਪਣੀ ਮੁਹਿੰਮ ਤੇਜ਼ ਕਰਦਿਆਂ ਭਾਰਤ ਸਥਿਤ ਇੱਕ ਕੰਪਨੀ ਨਾਲ ਜੁੜੇ 13 ਵਿਅਕਤੀਆਂ ‘ਤੇ ਵੀਜ਼ਾ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ ਇਹ ਲੋਕ ‘ਫੈਂਟਾਨਿਲ’ ਵਰਗੇ ਖ਼ਤਰਨਾਕ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਤਸਕਰੀ ‘ਚ ਸ਼ਾਮਲ ਨੈੱਟਵਰਕ ਦਾ ਹਿੱਸਾ ਹਨ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਥਾਮਸ ਪਿਗੋਟ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਭਾਰਤ ਵਿਚ ਸਥਿਤ ‘ਕੇ.ਐੱਸ. ਇੰਟਰਨੈਸ਼ਨਲ ਟ੍ਰੇਡਰਜ਼’ ਨਾਮਕ ਫਰਮ ਦੇ ਨਜ਼ਦੀਕੀ ਕਾਰੋਬਾਰੀ ਸਹਿਯੋਗੀਆਂ ‘ਤੇ ਕੀਤੀ ਗਈ ਹੈ। ਇਨ੍ਹਾਂ ‘ਤੇ ਦੋਸ਼ ਹੈ ਕਿ ਇਹ ਕੰਪਨੀ ਫੈਂਟਾਨਿਲ ਮਿਲੀ ਹੋਈ ਨਕਲੀ ਦਵਾਈਆਂ ਦੀ ਵਿਕਰੀ ਵਿਚ ਸ਼ਾਮਲ ਸੀ। ਅਮਰੀਕਾ ਵਿਚ ਲੱਖਾਂ ਦੀ ਗਿਣਤੀ ਵਿਚ ਅਜਿਹੀਆਂ ਨਕਲੀ ਗੋਲੀਆਂ ਵੰਡੀਆਂ ਗਈਆਂ ਹਨ, ਜਿਸ ਕਾਰਨ ਉੱਥੇ ਜਨਤਕ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਕਈ ਪਰਿਵਾਰ ਬਰਬਾਦ ਹੋ ਗਏ ਹਨ।
ਵਿਦੇਸ਼ ਵਿਭਾਗ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਹੀ ਗੈਰ-ਕਾਨੂੰਨੀ ਫੈਂਟਾਨਿਲ ਨੂੰ ‘ਸਮੂਹਿਕ ਵਿਨਾਸ਼ ਦਾ ਹਥਿਆਰ’ ਵਜੋਂ ਨਾਮਜ਼ਦ ਕੀਤਾ ਹੋਇਆ ਹੈ। ਇਹ ਕੰਪਨੀ ਇਸੇ ਖ਼ਤਰਨਾਕ ਨਸ਼ੇ ਦੀ ਤਸਕਰੀ ਰਾਹੀਂ ਮੋਟੀ ਕਮਾਈ ਕਰ ਰਹੀ ਸੀ। ਹੁਣ ਇਮੀਗ੍ਰੇਸ਼ਨ ਅਤੇ ਨੈਸ਼ਨਲਿਟੀ ਐਕਟ ਦੀ ਧਾਰਾ 212(ਏ)(3)(ਸੀ) ਦੇ ਤਹਿਤ ਇਨ੍ਹਾਂ 13 ਵਿਅਕਤੀਆਂ ਦੇ ਅਮਰੀਕਾ ਵਿਚ ਦਾਖ਼ਲੇ ‘ਤੇ ਰੋਕ ਲਗਾ ਦਿੱਤੀ ਗਈ ਹੈ, ਕਿਉਂਕਿ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਰਾਸ਼ਟਰੀ ਹਿੱਤਾਂ ਲਈ ਨੁਕਸਾਨਦੇਹ ਮੰਨਿਆ ਗਿਆ ਹੈ।
ਅਮਰੀਕੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਾਰਵਾਈ ਭਾਰਤ ਅਤੇ ਅਮਰੀਕਾ ਦੇ ਉਸ ਸਾਂਝੇ ਸੰਕਲਪ ਨੂੰ ਦਰਸਾਉਂਦੀ ਹੈ, ਜਿਸ ਤਹਿਤ ਦੋਵੇਂ ਦੇਸ਼ ਨਸ਼ਾ ਤਸਕਰੀ ਦੇ ਨੈੱਟਵਰਕਾਂ ਨੂੰ ਖ਼ਤਮ ਕਰਨ ਅਤੇ ਆਪਣੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਇਕਾਈਆਂ ਨੂੰ ਨੱਥ ਪਾਉਣ ਲਈ ਵਚਨਬੱਧ ਹਨ। ਅਮਰੀਕਾ ਦਾ ਕਹਿਣਾ ਹੈ ਕਿ ਅਜਿਹੇ ਗੈਰ-ਕਾਨੂੰਨੀ ਸਪਲਾਈ ਚੇਨ ਨੂੰ ਰੋਕਣ ਲਈ ਭਵਿੱਖ ਵਿਚ ਵੀ ਅਜਿਹੇ ਸਖ਼ਤ ਕਦਮ ਚੁੱਕੇ ਜਾਣਗੇ।
ਅਮਰੀਕਾ ਵੱਲੋਂ 13 ਭਾਰਤੀਆਂ ‘ਤੇ ਵੀਜ਼ਾ ਪਾਬੰਦੀਆਂ ਲਗਾਉਣ ਦਾ ਐਲਾਨ!

